ਯੂ. ਟੀ. ਪੁਲਸ ’ਚ 10 ਮੁਅੱਤਲ ਮੁਲਾਜ਼ਮ ਬਹਾਲ

Saturday, Feb 14, 2026 - 12:14 PM (IST)

ਯੂ. ਟੀ. ਪੁਲਸ ’ਚ 10 ਮੁਅੱਤਲ ਮੁਲਾਜ਼ਮ ਬਹਾਲ

ਚੰਡੀਗੜ੍ਹ (ਪ੍ਰੀਕਸ਼ਿਤ) :  ਯੂ. ਟੀ. ਪੁਲਸ ਹੈੱਡਕੁਆਰਟਰ ਨੇ ਮੁਅੱਤਲੀ ਦੇ ਮਾਮਲਿਆਂ ਦੀ ਸਮੀਖਿਆ ਤੋਂ ਬਾਅਦ ਵੱਖ-ਵੱਖ ਕੇਸਾਂ ’ਚ ਮੁਅੱਤਲ ਚੱਲ ਰਹੇ 10 ਪੁਲਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਹੈ। ਇਹ ਹੁਕਮ ਚੰਡੀਗੜ੍ਹ ਦੇ ਡੀ. ਜੀ. ਪੀ. ਪ੍ਰੀਤ ਹੁੱਡਾ ਵੱਲੋਂ ਬਹਾਲੀ ਲਈ ਬਣਾਈ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਜਾਰੀ ਕੀਤੇ ਗਏ। ਬਹਾਲ ਕੀਤੇ ਗਏ ਮੁਲਾਜ਼ਮਾਂ ’ਚ ਜ਼ਿਲ੍ਹਾ ਅਪਰਾਧ ਸ਼ਾਖਾ (ਡੀ. ਸੀ. ਸੀ.) ਦੇ ਸਾਬਕਾ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ, ਹੈੱਡ ਕਾਂਸਟੇਬਲ ਸਤੀਸ਼ ਕੁਮਾਰ ਤੇ ਸੀਨੀਅਰ ਕਾਂਸਟੇਬਲ ਸਮੁੰਦਰ ਵੀ ਸ਼ਾਮਲ ਹਨ। ਇਹ ਤਿੰਨੋਂ ਕਰੋੜਾਂ ਦੀ ਲੁੱਟ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਦੋ ਲੋੜੀਂਦੇ ਮੁਲਜ਼ਮਾਂ ਨੂੰ ਛੱਡਣ ਦੇ ਦੋਸ਼ਾਂ ਕਾਰਨ ਮੁਅੱਤਲ ਸਨ। ਡੀ. ਜੀ. ਪੀ. ਵੱਲੋਂ ਜਾਰੀ ਹੁਕਮ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਬਹਾਲੀ ਲੰਬਿਤ ਅਪਰਾਧਿਕ ਜਾਂ ਵਿਭਾਗੀ ਕਾਰਵਾਈ ਦੇ ਨਤੀਜਿਆਂ ਤੋਂ ਅਲੱਗ ਹੈ। ਜਦੋਂ ਤੱਕ ਉਨ੍ਹਾਂ ਖ਼ਿਲਾਫ਼ ਚੱਲ ਰਹੀ ਕਾਰਵਾਈ ਅੰਤਿਮ ਰੂਪ ਨਹੀਂ ਲੈਂਦੀ, ਤਦ ਤੱਕ ਉਨ੍ਹਾਂ ਨੂੰ ਸਵੇਦਨਸ਼ੀਲ ਅਹੁਦਿਆਂ ’ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਡੀ. ਸੀ. ਸੀ. ਮਾਮਲਾ; ਕਰੋੜਾਂ ਦੀ ਏ. ਟੀ. ਐੱਮ. ਕੈਸ਼ ਵੈਨ ਲੁੱਟ ਨਾਲ ਜੁੜਿਆ ਵਿਵਾਦ
ਕਰੋੜਾਂ ਰੁਪਏ ਦੀ ਏ. ਟੀ. ਐੱਮ. ਕੈਸ਼ ਵੈਨ ਲੁੱਟ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਦੋ ਲੋੜੀਂਦੇ ਮੁਲਜ਼ਮਾਂ (ਗੌਰਵ ਤੋਮਰ ਤੇ ਰੌਕੀ ਮਲਿਕ) ਨੂੰ ਬਚਾਉਣ ਦੇ ਦੋਸ਼ਾਂ ਕਾਰਨ ਇੰਸਪੈਕਟਰ ਜਸਮਿੰਦਰ ਸਿੰਘ ਸਮੇਤ ਤਿੰਨ ਪੁਲਸ ਮੁਲਾਜ਼ਮਾਂ ਨੂੰ ਪਹਿਲਾਂ ਗ੍ਰਿਫ਼ਤਾਰ ਤੇ ਮੁਅੱਤਲ ਕੀਤਾ ਗਿਆ ਸੀ। ਦੋਸ਼ ਸੀ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਤੌਰ ’ਤੇ ਕਹਾਣੀ ਤਿਆਰ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਗਈ ਅਤੇ ਜ਼ਰੂਰੀ ਪੁੱਛਗਿੱਛ ਜਾਂ ਰਕਮ ਦੀ ਬਰਾਮਦਗੀ ਨਹੀਂ ਕੀਤੀ ਗਈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ’ਚ 5.26 ਕਰੋੜ ਰੁਪਏ ਦੇ ਫਰਜ਼ੀਵਾੜੇ ਨਾਲ ਜੁੜਿਆ ਸੀ। ਦੋਵੇਂ ਮੁਲਜ਼ਮ ਚੰਡੀਗੜ੍ਹ ’ਚ ਗ੍ਰਿਫ਼ਤਾਰ ਕੀਤੇ ਗਏ ਸਨ। ਬਾਅਦ ’ਚ ਮਾਮਲੇ ਦੇ ਖ਼ੁਲਾਸੇ ਤੋਂ ਉਪਰੰਤ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਬਹਾਲ ਕੀਤੇ ਗਏ ਮੁਲਾਜ਼ਮ
ਬਹਾਲੀ ਦੀ ਸੂਚੀ ’ਚ ਇੰਸਪੈਕਟਰ ਜਸਮਿੰਦਰ ਸਿੰਘ ਤੋਂ ਇਲਾਵਾ ਏ.ਐੱਸ.ਆਈ. ਸ਼ੇਰ ਸਿੰਘ, ਏ.ਐੱਸ.ਆਈ. ਮੋਹਨ ਸਿੰਘ, ਏ.ਐੱਸ.ਆਈ. ਕ੍ਰਿਸ਼ਨ ਚੰਦਰ, ਹੈੱਡ ਕਾਂਸਟੇਬਲ ਮੁਕੇਸ਼ ਕੁਮਾਰ, ਹੈੱਡ ਕਾਂਸਟੇਬਲ ਅਲਵਿੰਦਰ ਸਿੰਘ, ਹੈੱਡ ਕਾਂਸਟੇਬਲ ਨਰੇਸ਼ ਪ੍ਰੀਤ ਕੁਮਾਰ, ਹੈੱਡ ਕਾਂਸਟੇਬਲ ਸਤੀਸ਼ ਕੁਮਾਰ, ਸੀਨੀਅਰ ਕਾਂਸਟੇਬਲ ਸਮੁੰਦਰ ਤੇ ਕਾਂਸਟੇਬਲ ਪ੍ਰਵੀਨ ਸ਼ਾਮਲ ਹਨ। ਇਸ ਫ਼ੈਸਲੇ ਨਾਲ ਪੁਲਸ ਵਿਭਾਗ ’ਚ ਪ੍ਰਸ਼ਾਸਕੀ ਹਲਚਲ ਤੇਜ਼ ਹੋ ਗਈ ਹੈ ਤੇ ਮਾਮਲੇ ਦੀ ਅਗਲੀ ਵਿਭਾਗੀ ਕਾਰਵਾਈ ’ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।


 


author

Babita

Content Editor

Related News