ਲੁਧਿਆਣਾ ''ਚ ਕੁੜੀ ਨਾਲ ਜਬਰ-ਜ਼ਿਨਾਹ, 10 ਸਾਲਾਂ ਬਾਅਦ ਸ਼ੁਰੂ ਹੋਈ ਜਾਂਚ
Wednesday, Feb 18, 2026 - 11:55 AM (IST)
ਲੁਧਿਆਣਾ (ਰਾਜ): ਰਿਸ਼ਤਿਆਂ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਬਲਾਤਕਾਰ ਦੇ ਕੇਸ ਵਿਚ ਔਰਤ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਵੱਲੋਂ ਭੇਜੀ ਗਈ ਜ਼ੀਰੋ ਐੱਫ.ਆਈ.ਆਰ. (ਨੰਬਰ 002, ਮਿਤੀ 19-09-2025) ਦੇ ਆਧਾਰ 'ਤੇ ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਧਾਰਾ 376 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਜਾਂਚ ਦੀ ਕਮਾਨ ਸੰਭਾਲ ਲਈ ਹੈ।
ਅਕਤੂਬਰ 2016 ਤੋਂ ਸ਼ੁਰੂ ਹੋਈ ਸੀ ਜ਼ੁਲਮ ਦੀ ਦਾਸਤਾਨ
ਸ਼ਿਕਾਇਤਕਰਤਾ ਮੁਟਿਆਰ ਨੇ ਪੁਲਸ ਨੂੰ ਦੱਸਿਆ ਕਿ ਇਹ ਪੂਰਾ ਮਾਮਲਾ ਸਾਲ 2016 ਦਾ ਹੈ। ਉਸ ਦੌਰਾਨ ਉਹ ਪ੍ਰੇਮ ਨਗਰ, ਢੰਡਾਰੀ ਖੁਰਦ ਸਥਿਤ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਪੀੜਤ ਅਨੁਸਾਰ, ਇਕ ਦਿਨ ਜਦੋਂ ਉਹ ਆਪਣੇ ਕਮਰੇ ਵਿਚ ਬਿਲਕੁਲ ਇਕੱਲੀ ਸੀ, ਤਾਂ ਮੁਲਜ਼ਮ ਨੇ ਉਸ ਦੀ ਮਜਬੂਰੀ ਅਤੇ ਇਕੱਲੇਪਣ ਦਾ ਫਾਇਦਾ ਉਠਾਇਆ। ਮੁਲਜ਼ਮ ਜ਼ਬਰਦਸਤੀ ਉਸ ਦੇ ਕਮਰੇ ਵਿਚ ਦਾਖ਼ਲ ਹੋਇਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਲੁਧਿਆਣਾ ਤੋਂ ਪੀੜਤ ਦਿੱਲੀ ਚਲੀ ਗਈ, ਜਿੱਥੇ ਉਸ ਨੇ ਮੁਲਜ਼ਮ ਖਿਲਾਫ ਸ਼ਿਕਾਇਤ ਦਿੱਤੀ ਸੀ। ਉਕਤ ਮਾਮਲੇ ਵਿਚ ਪਹਾੜਗੰਜ ਥਾਣਾ (ਜ਼ਿਲ੍ਹਾ ਸੈਂਟਰਲ, ਨਵੀਂ ਦਿੱਲੀ) ਵਿਚ ਦਰਜ ਹੋਈ ਇਸ ਜ਼ੀਰੋ ਐੱਫ.ਆਈ.ਆਰ. ਦੇ ਲੁਧਿਆਣਾ ਪਹੁੰਚਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਹਰਕਤ ਵਿਚ ਆ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਕਾਫੀ ਪੁਰਾਣਾ ਹੈ, ਪਰ ਔਰਤ ਨਾਲ ਹੋਈ ਇਸ ਦਰਿੰਦਗੀ ਦੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
