ਰੇਲਵੇ ਦਾ ਯਾਤਰੀਆਂ ਲਈ ਅਹਿਮ ਫ਼ੈਸਲਾ, ਹੋਲੀ ''ਤੇ ਚੱਲਣਗੀਆਂ 3 ਸਪੈਸ਼ਲ ਰੇਲਗੱਡੀਆਂ
Thursday, Feb 26, 2026 - 04:34 PM (IST)
ਫਿਰੋਜ਼ਪੁਰ (ਮਲਹੋਤਰਾ) : ਹੋਲੀ ਦੇ ਤਿਓਹਾਰ 'ਤੇ ਰੇਲ ਵਿਭਾਗ ਲਗਾਤਾਰ ਸਪੈਸ਼ਲ ਰੇਲਗੱਡੀਆਂ ਦਾ ਐਲਾਨ ਕਰ ਰਿਹਾ ਹੈ। ਇਸੇ ਲੜੀ 'ਚ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਪਟਨਾ ਵਿਚਾਲੇ ਤਿੰਨ ਜੋੜੀ ਅਤੇ ਆਨੰਦ ਵਿਹਾਰ ਤੋਂ ਗੋਰਖਪੁਰ ਵਿਚਾਲੇ ਦੋ ਜੋੜੀ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਤੋਂ 27 ਫਰਵਰੀ, 2 ਮਾਰਚ ਅਤੇ 5 ਮਾਰਚ ਨੂੰ ਪਟਨਾ ਦੇ ਲਈ ਸਪੈਸ਼ਲ ਰੇਲਗੱਡੀਆਂ ਸਵੇਰੇ 9:45 ਵਜੇ ਰਵਾਨਾ ਹੋਣਗੀਆਂ, ਜਦੋਂ ਕਿ ਪਟਨਾ ਤੋਂ ਵਾਪਸੀ ਦੇ ਲਈ 28 ਫਰਵਰੀ, 3 ਮਾਰਚ ਅਤੇ 6 ਮਾਰਚ ਨੂੰ ਰੇਲਗੱਡੀਆਂ ਸ਼ਾਮ 4 ਵਜੇ ਚੱਲਣਗੀਆਂ।
ਇਨ੍ਹਾਂ ਰੇਲਗੱਡੀਆਂ ਦਾ ਦੋਹੇਂ ਪਾਸਿਓਂ ਸਟਾਪੇਜ਼ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਸਰਹਿੰਦ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਰਾਮਪੁਰ, ਬਰੇਲੀ, ਹਰਦੋਈ, ਲਖਨਊ, ਸੁਲਤਾਨਪੁਰ, ਵਾਰਾਣਸੀ, ਪੰਡਤ ਦੀਨ ਦਿਆਲ ਉਪਾਧਿਆਏ, ਬਕਸਰ, ਆਰਾ, ਦਾਨਾਪੁਰ ਸਟੇਸ਼ਨਾਂ ਤੇ ਹੋਵੇਗਾ। ਇਸੇ ਤਰ੍ਹਾਂ ਆਨੰਦ ਵਿਹਾਰ ਤੋਂ ਗੋਰਖਪੁਰ ਦੇ ਲਈ 27 ਫਰਵਰੀ ਅਤੇ 2 ਮਾਰਚ ਨੂੰ, ਜਦੋਂ ਕਿ ਗੋਰਖਪੁਰ ਤੋਂ ਵਾਪਸੀ ਦੇ ਲਈ 28 ਫਰਵਰੀ ਅਤੇ 3 ਮਾਰਚ ਨੂੰ ਸਪੈਸ਼ਲ ਰੇਲਗੱਡੀਆਂ ਚੱਲਣਗੀਆਂ।
