ਸੁਨਾਰੀਆ ਜੇਲ ''ਚ ਬੰਦ ਬਲਾਤਕਾਰੀ ਬਾਬੇ ਦੀ ਸੁਰੱਖਿਆ ਹੋਈ ਸਖਤ, ਇਸ ਘਟਨਾ ਕਾਰਨ ਉੱਡ ਗਏ ਨੇ ਪੁਲਸ ਦੇ ਹੋਸ਼

Monday, Sep 04, 2017 - 11:03 AM (IST)

ਚੰਡੀਗੜ੍ਹ/ਰੋਹਤਕ : ਰੋਹਤਕ ਦੀ ਸੁਨਾਰੀਆ ਜੇਲ 'ਚ ਸਾਧਵੀ ਸਰੀਰਕ ਸੋਸ਼ਣ ਮਾਮਲੇ 'ਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਸਿੰਘ ਦੀ ਸੁਰੱਖਿਆ ਨੂੰ ਅੱਗੇ ਨਾਲੋਂ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਬਾਲਾ ਜੇਲ 'ਚ ਐਤਵਾਰ ਨੂੰ ਇਕ ਡੇਰਾ ਪ੍ਰੇਮੀ ਵਲੋਂ ਬਾਥਰੂਮ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ। ਇਸ ਘਟਨਾ ਨੇ ਪੁਲਸ ਦੇ ਵੀ ਹੋਸ਼ ਉਡਾ ਦਿੱਤੇ ਹਨ, ਜਿਸ ਤੋਂ ਬਾਅਦ ਬਾਬੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਬਾਲਾ ਜੇਲ ਦੀ ਘਟਨਾ ਤੋਂ ਬਾਅਦ ਸੁਨਾਰੀਆ ਜੇਲ 'ਚ ਬੰਦ ਕੈਦੀਆਂ 'ਚੋਂ ਬਾਬਾ ਦੇ ਪ੍ਰੇਮੀਆਂ ਨੂੰ ਨਿਸ਼ਾਨਬੱਧ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਵੱਖਰੇ ਤੌਰ 'ਤੇ ਨਿਗਰਾਨੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਰਾਮ ਰਹੀਮ ਦੀ ਸੁਰੱਖਿਆ 'ਚ ਭਾਰੀ ਫੇਰਬਦਲ ਕੀਤਾ ਗਿਆ ਹੈ। 24 ਘੰਟੇ ਰਾਮ ਰਹੀਮ 'ਤੇ ਨਜ਼ਰ ਰੱਖਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਫਿਲਹਾਲ ਸੁਨਾਰੀਆ ਜੇਲ 'ਚ ਕਰੀਬ ਡੇਢ ਹਜ਼ਾਰ ਕੈਦੀ ਅਤੇ ਬੰਦੀ ਬੰਦ ਹਨ। ਇਨ੍ਹਾਂ 'ਚੋਂ ਕਈ ਹਿਸਟਰੀਸ਼ੀਟਰ ਤੋਂ ਇਲਾਵਾ ਵੱਖ-ਵੱਖ ਮਾਮਲਿਆਂ 'ਚ ਵਿਚਾਰ ਅਧੀਨ ਬੰਦੀ ਸ਼ਾਮਲ ਹਨ। ਅੰਬਾਲਾ ਜੇਲ 'ਚ ਡੇਰਾ ਪ੍ਰੇਮੀ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਸੁਨਾਰੀਆ ਜੇਲ 'ਚ ਗੁਪਤ ਤਰੀਕੇ ਨਾਲ ਬਾਬੇ ਦੇ ਪ੍ਰੇਮੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜੇਲ ਪ੍ਰਸ਼ਾਸਨ ਦਾ ਖੁਫੀਆ ਤੰਤਰ ਸਾਰੇ ਕੈਦੀਆਂ 'ਚੋਂ ਰਾਮ ਰਹੀਮ ਦੇ ਪ੍ਰੇਮੀ ਲੱਭਣ 'ਚ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜੇਲ 'ਚ ਬੰਦ ਕੁਝ ਮਹਿਲਾ ਬੰਦੀਆਂ ਨੇ ਤਾਂ ਬਾਬੇ ਨਾਲ ਮਿਲਣ ਤੱਕ ਦੀ ਗੁਹਾਰ ਲਾ ਦਿੱਤੀ ਸੀ।


Related News