ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼
Sunday, Sep 29, 2024 - 02:21 AM (IST)

ਤਰਨਤਾਰਨ (ਰਮਨ)- ਬੀੜ ਬਾਬਾ ਬੁੱਢਾ ਸਾਹਿਬ ਵਿਖੇ ਖਿਡੌਣੇ ਵੇਚਣ ਆਈ ਇਕ ਔਰਤ ਦੇ 2 ਸਾਲਾ ਮਾਸੂਮ ਪੁੱਤਰ ਨੂੰ ਬੀਤੀ 25 ਸਤੰਬਰ ਨੂੰ ਇਕ ਅਣਜਾਣ ਔਰਤ ਵੱਲੋਂ ਅਗਵਾ ਕਰ ਲਿਆ ਗਿਆ ਸੀ, ਜਿਸ ਸਬੰਧੀ ਥਾਣਾ ਝਬਾਲ ਦੀ ਪੁਲਸ ਵੱਲੋਂ ਪਰਚਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਸੀ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਕਮਲਮੀਤ ਸਿੰਘ ਨੇ ਦੱਸਿਆ ਕਿ ਜੋਤੀ ਪਤਨੀ ਰੌਸ਼ਨ ਪੁੱਤਰ ਸੁਖਵੰਤ ਸਿੰਘ ਵਾਸੀ ਅੰਮ੍ਰਿਤਸਰ ਨੇ ਥਾਣਾ ਝਬਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮੇਲਿਆਂ ਵਿਚ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਖਿਡੌਣੇ ਵੇਚਣ ਦਾ ਕੰਮ ਕਰਦੀ ਹੈ ਅਤੇ ਜਦੋਂ ਉਹ ਦਰਬਾਰ ਸਾਹਿਬ ਦੇ ਬਾਹਰਵਾਰ ਖਿਡੌਣੇ ਵੇਚ ਰਹੀ ਸੀ ਤਾਂ ਇਕ ਅਣਪਛਾਤੀ ਔਰਤ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਮੇਲੇ ਵਿਚ ਖਿਡੌਣੇ ਵੇਚਣ ਦਾ ਲਾਲਚ ਦੇ ਕੇ ਉਸ ਨੂੰ ਨਾਲ ਲੈ ਆਈ।
ਇਸ ਤੋਂ ਬਾਅਦ ਉਹ ਬੀੜ ਬਾਬਾ ਬੁੱਢਾ ਸਾਹਿਬ ਵਿਖੇ 25 ਸਤੰਬਰ ਨੂੰ ਆਪਣੇ 2 ਸਾਲਾ ਲੜਕੇ ਏਕਮ ਸਮੇਤ ਖਿਡੌਣੇ ਵੇਚਣ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਆ ਗਈ, ਜਦੋਂ ਉਸ ਦਾ ਬੇਟਾ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੂੰ ਬੇਟੇ ਦੀ ਰਾਖੀ ਲਈ ਛੱਡ ਲੰਗਰ ਖਾਣ ਚਲੀ ਗਈ। ਜਦੋਂ ਉਹ ਵਾਪਸ ਆਈ ਤਾਂ ਉਸ ਦਾ ਬੇਟਾ ਅਤੇ ਔਰਤ ਮੌਕੇ ’ਤੇ ਮੌਜੂਦ ਨਹੀਂ ਸੀ।
ਡੀ.ਐੱਸ.ਪੀ. ਨੇ ਦੱਸਿਆ ਕਿ ਐੱਸ.ਐੱਸ.ਪੀ. ਗੌਰਵ ਤੂਰਾ ਵੱਲੋਂ ਮਿਲੇ ਸਖਤ ਹੁਕਮਾਂ ਤਹਿਤ ਵੱਖ-ਵੱਖ ਤਕਨੀਕੀ ਮਾਹਿਰਾਂ ਅਤੇ ਥਾਣਾ ਝਬਾਲ ਦੀ ਪੁਲਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਬੱਚੇ ਨੂੰ ਅਗਵਾ ਕਰਨ ਵਾਲੀ ਔਰਤ ਜਿਸ ਦੇ ਮੱਥੇ ਉੱਪਰ ਚੰਦਰਮਾ ਦਾ ਨਿਸ਼ਾਨ ਬਣਿਆ ਹੋਇਆ ਸੀ, ਦੀ ਨਿਸ਼ਾਨੀ ਤਹਿਤ ਅਮਰਕੋਟ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਪਹਿਚਾਣ ਮਨਜੀਤ ਕੌਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪਰਿਵਾਰ ਨੂੰ 'ਕਾਲ਼' ਬਣ ਟੱਕਰੀ i20 ਕਾਰ, ਹਾਦਸੇ 'ਚ ਮਾਂ ਨੇ ਗੁਆਈ ਜਾਨ, ਦੋਵੇਂ ਪੁੱਤ ਵੀ ਪਹੁੰਚੇ ਹਸਪਤਾਲ
ਉਨ੍ਹਾਂ ਦੱਸਿਆ ਕਿ ਇਸ ਬੱਚੇ ਨੂੰ ਅਗਵਾ ਕਰਨ ਵਿਚ ਮਦਦ ਕਰਨ ਵਾਲੇ ਮਨਜੀਤ ਕੌਰ ਦੇ ਆਸ਼ਿਕ ਛਤਰਪਾਲ ਸਿੰਘ, ਜਿਸ ਦੇ ਖਿਲਾਫ ਪਹਿਲਾਂ ਵੀ ਪਰਚਾ ਦਰਜ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀ.ਐੱਸ.ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਗਵਾ ਕੀਤੇ ਗਏ ਬੱਚੇ ਨੂੰ ਲੱਖਾਂ ਰੁਪਏ ਦੀ ਕੀਮਤ ਨਾਲ ਅੱਗੇ ਵੇਚਣ ਦਾ ਪਲਾਨ ਤੈਅ ਕੀਤਾ ਗਿਆ ਸੀ, ਜਿਸ ਨੂੰ ਪੁਲਸ ਨੇ ਕਾਮਯਾਬ ਨਹੀਂ ਹੋਣ ਦਿੱਤਾ। ਡੀ.ਐੱਸ.ਪੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਿਗਰ ਦਾ ਟੁਕੜਾ ਮਿਲਣ ਤੋਂ ਬਾਅਦ ਪੁਲਸ ਦੀਆਂ ਤਰੀਫਾਂ ਕਰਦੀ ਨਹੀਂ ਥੱਕ ਰਹੀ ਬੇਵੱਸ ਮਾਂ
ਪੁਲਸ ਵੱਲੋਂ ਅਗਵਾ ਕੀਤੇ ਗਏ ਬੱਚੇ ਨੂੰ ਬਰਾਮਦ ਕਰਦੇ ਹੋਏ ਜਿੱਥੇ ਉਸ ਦੀ ਮਾਂ ਹਵਾਲੇ ਕਰ ਦਿੱਤਾ ਗਿਆ ਹੈ, ਉਥੇ ਹੀ ਡੀ.ਐੱਸ.ਪੀ. ਕਮਲਮੀਤ ਸਿੰਘ ਵੱਲੋਂ ਆਪਣੀ ਜੇਬ ਤੋਂ 1,000 ਰੁਪਏ ਬੱਚੇ ਨੂੰ ਦਿੰਦੇ ਹੋਏ ਪਿਆਰ ਦਿੱਤਾ ਗਿਆ। ਉਧਰ ਬੀੜ ਬਾਬਾ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਦੇ ਬਾਹਰੋਂ ਅਗਵਾ ਕੀਤੇ ਗਏ ਬੱਚੇ ਨੂੰ ਪੁਲਸ ਵੱਲੋਂ ਬਰਾਮਦ ਕਰਨ ਉਪਰੰਤ ਆਪਣੀ ਗੋਦ ਵਿਚ ਖੇਡਦੇ ਬੱਚੇ ਨੂੰ ਵੇਖ ਮਾਂ ਦੇ ਅੱਥਰੂ ਨਹੀਂ ਰੁਕ ਰਹੇ ਹਨ। ਇਸ ਦੌਰਾਨ ਪੀੜਤ ਮਾਂ ਪੁਲਸ ਦੇ ਪੈਰਾਂ ਨੂੰ ਹੱਥ ਲਾ-ਲਾ ਕੇ ਉਨ੍ਹਾਂ ਦਾ ਧੰਨਵਾਦ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਅਗਵਾ ਹੋਣ ਤੋਂ ਬਾਅਦ ਪੀੜਤ ਮਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਅਰਦਾਸ ਕਰਦੇ ਹੋਏ ਕਿਹਾ ਕਿ ਬਾਬਾ ਜੀ ਤੇਰੇ ਦਰ ਤੋਂ ਤਾਂ ਔਰਤਾਂ ਝੋਲੀਆਂ ਭਰ ਲਿਜਾਂਦੀਆਂ ਹਨ, ਤੁਸੀਂ ਮੈਨੂੰ ਮੇਰਾ ਬੱਚਾ ਵਾਪਸ ਲਿਆ ਕੇ ਦਿਓ। ਪੀੜਤ ਜੋਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕੀਤੀ ਕਈ ਅਰਦਾਸ ਅਤੇ ਪੁਲਸ ਵੱਲੋਂ ਕੀਤੀ ਗਈ ਮਿਹਨਤ ਨੇ ਉਸ ਦਾ ਬੱਚਾ ਵਾਪਸ ਮੋੜ ਦਿੱਤਾ ਹੈ, ਜਿਸ ਦੇ ਚੱਲਦਿਆਂ ਉਸ ਦੇ ਬੱਚੇ ਦਾ ਦੂਜਾ ਜਨਮ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e