ਹੱਡਾ-ਰੋਡ਼ੀ ਅਤੇ ਆਵਾਰਾ ਕੁੱਤਿਆਂ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵੱਲੋਂ ਰੋਸ ਪ੍ਰਗਟ
Wednesday, Apr 10, 2019 - 04:13 AM (IST)

ਸੰਗਰੂਰ (ਸ਼ਾਮ)-ਇਲਾਕੇ ਅੰਦਰ ਆਵਾਰਾ ਕੁੱਤਿਆਂ ’ਚ ਦਿਨੋ-ਦਿਨ ਹੋ ਰਿਹਾ ਵਾਧਾ ਅਤੇ ਬੇਸਹਾਰਾ ਪਸ਼ੂਆਂ ਦੀ ਹੋ ਰਹੀ ਦੁਰਦਸ਼ਾ ਕਾਰਨ ਮੰਡੀ ਨਿਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਜ ਸੇਵੀ ਧਰਮ ਪਾਲ ਸ਼ਰਮਾ, ਸੱਤ ਪਾਲ ਗੋਇਲ, ਵਿਪਨ ਕੁਮਾਰ ਬਤਾਰਾ ਅਤੇ ਰਾਜੂ ਮੋਡ਼ ਦਾ ਕਹਿਣਾ ਹੈ ਕਿ ਬਠਿੰਡਾ-ਚੰਡੀਗਡ਼੍ਹ ਮੁੱਖ ਮਾਰਗ ’ਤੇ ਤਪਾ ਏਰੀਏ ਕੋਲ 5 ਕਿਲੋਮੀਟਰ ਦੇ ਇਲਾਕੇ ’ਚ ਸਡ਼ਕ ’ਤੇ ਹਰ ਰੋਜ਼ ਬੇਸਹਾਰਾ ਗਊਆਂ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਜਿਨ੍ਹਾਂ ਨਾਲ ਅਨੇਕਾਂ ਮਸ਼ੀਨਰੀ ਦਾ ਨੁਕਸਾਨ ਹੋ ਰਿਹਾ ਹੈ ਅਤੇ ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਹੱਡਾ-ਰੋਡ਼ੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਮ੍ਰਿਤਕ ਗਊਆਂ ਦੇ ਸਰੀਰ ਜਿਥੇ ਸਡ਼ਕ ਕਿਨਾਰਿਆਂ ’ਤੇ ਕਈ-ਕਈ ਦਿਨ ਪਏ ਰੁਲਦੀਆਂ ਰਹਿੰਦੀਆਂ ਹਨ ਅਤੇ ਆਵਾਰਾ ਕੁੱਤੇ ਉਸ ਨੂੰ ਨੋਚ-ਨੋਚ ਕੇ ਖਾਂਦੇ ਰਹਿੰਦੇ ਹਨ, ਉਥੇ ਬਦਬੂ ਦੇ ਨਾਲ-ਨਾਲ ਬੀਮਾਰੀਆਂ ਫੈਲ ਸਕਦੀਆਂ ਹਨ ਦੂਜੇ ਪਾਸੇ ਹਿੰਦੂ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਿੰਦੂ ਧਰਮ ਵਿਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਇਸ ਤਰ੍ਹਾਂ ਗਊਆਂ ਦੀ ਦੁਰਦਸ਼ਾ ਬੇਹੱਦ ਮੰਦਭਾਗੀ ਹੈ। ਇਸ ਸਮੇਂ ਮੌਜੂਦ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਸਥਾਨਕ ਸ਼ਹਿਰ ਵਿਚ ਪਿਛਲੇ ਮਹੀਨਿਆਂ ਤੋਂ ਬੰਦ ਕੀਤੀ ਗਈ ਹੱਡਾ-ਰੋਡ਼ੀ ਦਾ ਕਿਸੇ ਜਗ੍ਹਾ ’ਤੇ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਗਊਆਂ ਦੇ ਰਹਿਣ-ਸਹਿਣ ਲਈ ਕੋਈ ਢੁੱਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਬੇਸਹਾਰਾ ਗਊਆਂ ਅਤੇ ਆਮ ਲੋਕਾਂ ਦੀ ਜਾਨ ਬਚਾਈ ਜਾ ਸਕੇ। ਇਨ੍ਹਾਂ ਗਊਆਂ ਦੀ ਸਾਂਭ-ਸੰਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਵੀ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਸੇਵੀ ਅਸ਼ੋਕ ਕੁਮਾਰ ਅਤੇ ਰੌਕੀ ਕਪੂਰ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਨ ਛੋਟੇ-ਛੋਟੇ ਬੱਚਿਆਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਹੈ ਕਿਉਂਕਿ ਇਹ ਆਵਾਰਾ ਕੁੱਤੇ ਛੋਟੇ ਬੱਚਿਆਂ ਉੱਪਰ ਝਪਟ ਪੈਂਦੇ ਹਨ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤਿਆਂ ਦੇ ਝਪਟਣ ਕਾਰਨ ਕਈ ਬੱਚਿਆਂ ਦੇ ਜ਼ਖ਼ਮੀ ਹੋ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਨੱਥ ਪਾਉਣਾ ਵੀ ਪ੍ਰਸ਼ਾਸਨ ਦਾ ਬਣਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਨੂੰ ਡੂੰਘਾਈ ਨਾਲ ਲੈ ਕੇ ਹੱਡਾ-ਰੋਡ਼ੀ ਲਈ ਢੁੱਕਵੀਂ ਥਾਂ ਦੇ ਇੰਤਜ਼ਾਮ ਨਾਲ-ਨਾਲ ਆਵਾਰਾ ਕੁੱਤਿਆਂ ’ਤੇ ਨੱਥ ਪਾਈ ਜਾਵੇ।