''ਸ਼ਹੀਦੀ ਪੰਦਰਵਾੜੇ ਕਾਰਨ ਚੋਣ ਜਿੱਤ ''ਤੇ ਸ਼ੋਰ-ਸ਼ਰਾਬੇ ਤੋਂ ਕਰੋ ਗੁਰੇਜ਼'', MLA ਕੁਲਵੰਤ ਸਿੰਘ ਪੰਡੋਰੀ ਨੇ ਕੀਤੀ ਅਪੀਲ
Wednesday, Dec 17, 2025 - 04:52 PM (IST)
ਮਹਿਲ ਕਲਾਂ (ਹਮੀਦੀ): ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਆਪਣੇ ਫੇਸਬੁੱਕ ਖਾਤੇ ‘ਤੇ ਇੱਕ ਵੀਡੀਓ ਅੱਪਲੋਡ ਕਰਦੇ ਹੋਏ ਕਿਹਾ ਕਿ ਇਸ ਸਮੇਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਜਿਸ ਕਰਕੇ ਜਿੱਤ ਦੀ ਖੁਸ਼ੀ ਸਾਦਗੀ ਅਤੇ ਮਰਿਆਦਾ ਨਾਲ ਮਨਾਈ ਜਾਵੇ।
ਵਿਧਾਇਕ ਪੰਡੋਰੀ ਨੇ ਕਿਹਾ ਕਿ ਚੋਣਾਂ ਵਿਚ ਮਿਲੀ ਜਿੱਤ ਨੂੰ ਸਾਡੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਬੇਹੱਦ ਜੋਸ਼, ਢੋਲ-ਨਗਾਰੇ, ਪਟਾਕੇ ਜਾਂ ਸ਼ੋਰ-ਸ਼ਰਾਬੇ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਸਾਨੂੰ ਇਸ ਪਵਿੱਤਰ ਸਮੇਂ ਦੌਰਾਨ ਸੰਜਮ, ਸਾਦਗੀ ਅਤੇ ਸਤਿਕਾਰ ਸਿਖਾਉਂਦੀ ਹੈ।ਉਨ੍ਹਾਂ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ ਅਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਤ ਨੂੰ ਹੰਕਾਰ ਦੀ ਬਜਾਏ ਸੇਵਾ ਦਾ ਮੌਕਾ ਸਮਝਿਆ ਜਾਵੇ ਅਤੇ ਲੋਕ-ਹਿਤ ਵਿਚ ਕੰਮ ਕਰਕੇ ਸ਼ਹੀਦਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਵੇ।
