ਪੰਜਾਬ ਦੇ ਸਰਕਾਰੀ ਸਕੂਲ ''ਚ ਸ਼ਰਮਨਾਕ ਘਟਨਾ! Teacher ਨੇ ਕਈ Students ਨਾਲ ਕੀਤਾ ''ਗਲਤ ਕੰਮ''; ਗ੍ਰਿਫ਼ਤਾਰ
Saturday, Dec 13, 2025 - 06:31 PM (IST)
ਬਰਨਾਲਾ (ਪੁਨੀਤ ਮਾਨ): ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ਖਾਨਾ ਪੱਤੀ ਵਿਚ ਨਾਬਾਲਗ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਦੋਸ਼ਾਂ ਹੇਠ ਇਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਅਧਿਆਪਕ ਦੀ ਪਛਾਣ ਬਰਨਾਲਾ ਨਿਵਾਸੀ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਸਿੱਖਿਆ ਵਿਭਾਗ ਨੇ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦਿਆਂ ਅਧਿਆਪਕ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ।
DCPU ਦੀ ਜਾਂਚ ਮਗਰੋਂ ਹੋਈ FIR
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਯੂਨਿਟ (DCPU) ਦੇ ਸਹਿਯੋਗ ਨਾਲ ਪੀੜਤ ਬੱਚੀਆਂ ਦੇ ਬਿਆਨ ਦਰਜ ਕੀਤੇ ਗਏ। ਡੀ.ਐੱਸ.ਪੀ. ਸਤਵੀਰ ਸਿੰਘ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ DCPU ਦੇ ਪੱਤਰ ਦੇ ਆਧਾਰ 'ਤੇ ਥਾਣਾ ਸਿਟੀ ਬਰਨਾਲਾ ਵਿਚ ਦੋਸ਼ੀ ਅਧਿਆਪਕ ਗੁਰਵਿੰਦਰ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੀੜਤ ਬੱਚੀਆਂ ਦੇ ਬਿਆਨਾਂ ਵਿਚ ਅਧਿਆਪਕ ਵੱਲੋਂ ਵੱਖ-ਵੱਖ ਸਮਿਆਂ 'ਤੇ ਅਸ਼ਲੀਲ ਹਰਕਤਾਂ ਕਰਨ ਦੀ ਪੁਸ਼ਟੀ ਹੋਈ ਹੈ। ਇਹ ਐੱਫ.ਆਈ.ਆਰ. ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 75, ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 76, ਅਤੇ ਪੋਕਸੋ (POCSO) ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਦੋਸ਼ੀ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਸਿੱਖਿਆ ਵਿਭਾਗ ਦੀ ਕਾਰਵਾਈ
ਬਰਨਾਲਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਇੰਦੂ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਅਧਿਆਪਕ ਖ਼ਿਲਾਫ਼ ਵਿਭਾਗੀ ਜਾਂਚ ਖੋਲ੍ਹੀ ਗਈ ਸੀ ਅਤੇ ਦੋਸ਼ੀ ਪਾਏ ਜਾਣ 'ਤੇ ਉਸ ਦੀ ਬਦਲੀ ਕੁੜੀਆਂ ਦੇ ਸਕੂਲ ਤੋਂ ਬਦਲ ਕੇ ਮੁੰਡਿਆਂ ਦੇ ਸਕੂਲ ਵਿਚ ਕਰ ਦਿੱਤੀ ਗਈ ਸੀ। ਇਸ ਦੌਰਾਨ ਮਾਮਲੇ ਨੂੰ ਵਿਭਾਗ ਦੀ ਸੈਕਸੁਅਲ ਹੈਰਾਸਮੈਂਟ ਕਮੇਟੀ ਨੂੰ ਵੀ ਰੈਫਰ ਕੀਤਾ ਗਿਆ ਸੀ। ਡੀ.ਈ.ਓ. ਨੇ ਪੁਸ਼ਟੀ ਕੀਤੀ ਕਿ ਐੱਫ.ਆਈ.ਆਰ. ਦਰਜ ਹੋਣ ਅਤੇ ਅਧਿਆਪਕ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਨਾਬਾਲਗ ਬੱਚੇ ਨਾਲ ਛੇੜਛਾੜ ਕਰਨ ਦਾ ਸਬਕ ਮਿਲਣਾ ਬਹੁਤ ਜ਼ਰੂਰੀ ਹੈ। ਸਿੱਖਿਆ ਵਿਭਾਗ ਇਸ ਘਟਨਾਕ੍ਰਮ ਬਾਰੇ ਸਾਰੇ ਸਕੂਲਾਂ ਨੂੰ ਲਿਖਤੀ ਪੱਤਰ ਭੇਜੇਗਾ ਅਤੇ ਜ਼ੂਮ ਮੀਟਿੰਗ ਰਾਹੀਂ ਬਾਕੀ ਅਧਿਆਪਕਾਂ ਨੂੰ ਵੀ ਸਚੇਤ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ।
ਮਾਪਿਆਂ ਲਈ ਜ਼ਰੂਰੀ ਸੁਨੇਹਾ
ਡੀ.ਐੱਸ.ਪੀ. ਸਤਵੀਰ ਸਿੰਘ ਨੇ ਮਾਪਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਸਮੇਂ-ਸਮੇਂ 'ਤੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 'ਗੁੱਡ ਟੱਚ' ਅਤੇ 'ਬੈਡ ਟੱਚ' ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਮਾਹੌਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜੇ ਕੋਈ ਵਿਅਕਤੀ ਅਜਿਹੀਆਂ ਹਰਕਤਾਂ ਕਰਦਾ ਹੈ, ਤਾਂ ਬੱਚੇ ਬਿਨਾਂ ਡਰੇ ਆਪਣੇ ਮਾਪਿਆਂ ਨੂੰ ਦੱਸ ਸਕਣ, ਤਾਂ ਜੋ ਦੋਸ਼ੀ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
