21 ਦਸੰਬਰ ਦੀ ਰੈਲੀ ਲਈ ਮਹਿਲ ਕਲਾਂ, ਸਹਿਣਾ, ਧਨੌਲਾ ਤੇ ਬਰਨਾਲਾ ਬਲਾਕਾਂ ਵੱਲੋਂ ਭਰਪੂਰ ਸਮਰਥਨ ਦਾ ਐਲਾਨ
Tuesday, Dec 16, 2025 - 05:47 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਇਕ ਅਹਿਮ ਅਤੇ ਫੈਸਲਾਕੁੰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਲਾਭ ਸਿੰਘ ਮੰਡੇਰ ਦੀ ਅਗਵਾਈ ਹੇਠ ਚਿੰਟੂ ਪਾਰਕ, ਬਰਨਾਲਾ ਵਿਖੇ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਮਹਿਲ ਕਲਾਂ, ਸਹਿਣਾ, ਬਰਨਾਲਾ ਅਤੇ ਧਨੌਲਾ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਹਾਜ਼ਰੀ ਭਰੀ।
ਮੀਟਿੰਗ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਕੁੱਕੂ ਅਤੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾ. ਮਿੱਠੂ ਮੁਹੰਮਦ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਦੋਹਾਂ ਆਗੂਆਂ ਨੇ ਡਾਕਟਰਾਂ ਨੂੰ ਸੰਘਰਸ਼ੀ ਏਕਤਾ, ਅਨੁਸ਼ਾਸਨ ਅਤੇ ਇਕਜੁੱਟਤਾ ਦਾ ਸੰਦੇਸ਼ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਲਾਭ ਸਿੰਘ ਮੰਡੇਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ 21 ਦਸੰਬਰ ਨੂੰ ਕੋਟਕਪੂਰਾ ਵਿਖੇ ਹੋ ਰਹੀ ਸੱਤ ਜ਼ਿਲਿਆਂ ਦੀ ਜੋਨ ਰੈਲੀ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਹੱਕਾਂ ਲਈ ਇਕ ਇਤਿਹਾਸਕ ਮੋੜ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ ਮੋਗਾ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਤੋਂ ਹਜ਼ਾਰਾਂ ਡਾਕਟਰ ਸ਼ਮੂਲੀਅਤ ਕਰਨਗੇ।
ਡਾ. ਮੰਡੇਰ ਨੇ ਦ੍ਰਿੜ੍ਹ ਸ਼ਬਦਾਂ ਵਿਚ ਕਿਹਾ ਕਿ ਜ਼ਿਲ੍ਹਾ ਬਰਨਾਲਾ ਦਾ ਹਰ ਮੈਂਬਰ ਇਸ ਰੈਲੀ ਵਿੱਚ ਹਾਜ਼ਰੀ ਲਗਾਉਣਾ ਯਕੀਨੀ ਬਣਾਏ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਡਾਕਟਰ ਇਸ ਸੰਘਰਸ਼ੀ ਰੈਲੀ ਤੋਂ ਦੂਰ ਰਹੇਗਾ, ਜਥੇਬੰਦੀ ਵੱਲੋਂ ਭਵਿੱਖ ਵਿੱਚ ਉਸ ਦੀ ਮੱਦਦ ਨਹੀਂ ਕੀਤੀ ਜਾਵੇਗੀ। ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਕੁੱਕੂ ਅਤੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਦਸੰਬਰ ਨੂੰ ਸਵੇਰੇ 9 ਵਜੇ ਜ਼ਿਲ੍ਹਾ ਬਰਨਾਲਾ ਤੋਂ ਵੱਡੀਆਂ ਬੱਸਾਂ ਦੇ ਕਾਫਲੇ ਕੋਟਕਪੂਰਾ ਲਈ ਰਵਾਨਾ ਹੋਣਗੇ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਕੁੱਕੂ, ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾ. ਮਿੱਠੂ ਮੁਹੰਮਦ (ਮਹਿਲ ਕਲਾਂ), ਜ਼ਿਲ੍ਹਾ ਪ੍ਰਧਾਨ ਡਾ. ਲਾਭ ਸਿੰਘ ਮੰਡੇਰ, ਜ਼ਿਲ੍ਹਾ ਜਰਨਲ ਸਕੱਤਰ ਡਾ. ਸੁਦਾਗਰ ਸਿੰਘ ਭੋਤਨਾ, ਜ਼ਿਲ੍ਹਾ ਵਿੱਤ ਸਕੱਤਰ ਡਾ. ਬੇਅੰਤ ਸਿੰਘ ਉਪਲੀ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਬਲਦੇਵ ਸਿੰਘ (ਧਨੇਰ), ਡਾ. ਹਰਮੇਲ ਸਿੰਘ ਮਿੰਟਾਂ, ਡਾ. ਰਣਜੀਤ ਸਿੰਘ ਕਾਨੇਕੇ, ਡਾ. ਹਾਕਮ ਸਿੰਘ ਕਾਲੇਕੇ, ਡਾ. ਨਿਰਮਲ ਸਿੰਘ ਸਹੌਰ, ਡਾ. ਬੂਟਾ ਸਿੰਘ (ਹੰਡਿਆਇਆ), ਡਾ. ਸੁਬੇਗ ਮੁਹੰਮਦ, ਡਾ. ਕਰਮਦੀਨ, ਡਾ. ਚਮਕੌਰ ਸਿੰਘ (ਜੈਮਲ ਸਿੰਘ ਵਾਲਾ) ਅਤੇ ਡਾ. ਉਮਰਦੀਨ ਖਾਨ ਆਦਿ ਸ਼ਾਮਿਲ ਸਨ।
