ਬਰਨਾਲਾ ਦੇ ਹੋਟਲ ’ਚ 2 ਸਹੇਲੀਆਂ ਨਾਲ ਜਬਰ-ਜ਼ਿਨਾਹ

Monday, Dec 08, 2025 - 06:24 PM (IST)

ਬਰਨਾਲਾ ਦੇ ਹੋਟਲ ’ਚ 2 ਸਹੇਲੀਆਂ ਨਾਲ ਜਬਰ-ਜ਼ਿਨਾਹ

ਬਰਨਾਲਾ (ਵਿਵੇਕ ਸਿੰਧਵਾਨੀ/ਰਵੀ)- ਸ਼ਹਿਰ ਦੇ ਇਕ ਹੋਟਲ ’ਚ ਦੋ ਸਹੇਲੀਆਂ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਹੋਣ ਦੀ ਖਬਰ ਹੈ। ਇਸ ਘਟਨਾ ’ਚ ਇਕ ਪੀੜਤ ਲੜਕੀ ਦੇ ਨਾਬਾਲਿਗ ਹੋਣ ਕਾਰਨ ਪੁਲਸ ਨੇ ਦੋ ਲੜਕਿਆਂ ਖ਼ਿਲਾਫ਼ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਥਾਣਾ ਸਿਟੀ ਵਨ ਬਰਨਾਲਾ ਵਿਖੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੀ ਕਰੀਬ 5-6 ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਗੁਰਨਾਮ ਸਿੰਘ ਵਾਸੀ ਕੋਟਲੀ ਕੇਰਾ, ਜ਼ਿਲ੍ਹਾ ਅੰਮ੍ਰਿਤਸਰ ਨਾਲ ਗੱਲਬਾਤ ਚੱਲ ਰਹੀ ਸੀ। ਇਸੇ ਤਰ੍ਹਾਂ ਉਸ ਦੀ ਸਹੇਲੀ ਦੀ ਗੱਲਬਾਤ ਗੁਰਨਾਮ ਸਿੰਘ ਦੇ ਦੋਸਤ ਕਰਨ ਸਿੰਘ ਨਾਲ ਚੱਲ ਰਹੀ ਸੀ।

ਦੋਵਾਂ ਦੋਸਤਾਂ ਨੇ ਪਲਾਨ ਮੁਤਾਬਕ ਉਨ੍ਹਾਂ ਨੂੰ 1 ਦਸੰਬਰ 2025 ਨੂੰ ਬਰਨਾਲਾ ਵਿਖੇ ਮਿਲਣ ਲਈ ਬੁਲਾਇਆ। ਸ਼ਿਕਾਇਤਕਰਤਾ ਅਨੁਸਾਰ ਉਹ ਸਾਰੇ ਇਕ ਹੋਟਲ ਵਿਖੇ ਪਹੁੰਚੇ ਅਤੇ ਦੋ ਵੱਖਰੇ ਕਮਰੇ ਲਏ। ਮੁੱਦਈ ਨੇ ਬਿਆਨ ਦਿੰਦਿਆਂ ਕਿਹਾ ਕਿ ਮੁਲਜ਼ਮ ਗੁਰਨਾਮ ਸਿੰਘ ਨੇ ਉਸ ਨਾਲ ਅਤੇ ਕਰਨ ਸਿੰਘ ਨੇ ਉਸ ਦੀ ਸਹੇਲੀ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ। ਅਗਲੇ ਦਿਨ ਸਵੇਰੇ ਜਦੋਂ ਉਹ ਜਾਗੀਆਂ ਤਾਂ ਦੋਵੇਂ ਮੁਲਜ਼ਮ ਆਪਣੇ ਕਮਰਿਆਂ ’ਚੋਂ ਗਾਇਬ ਸਨ। ਉਨ੍ਹਾਂ ਨੂੰ ਧੋਖੇ ਦਾ ਅਹਿਸਾਸ ਹੋਇਆ ਹੈ ਤਾਂ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੀੜਤਾਂ ’ਚੋਂ ਇਕ ਲੜਕੀ ਨਾਬਾਲਿਗ ਹੈ, ਜਿਸ ਕਾਰਨ ਕੇਸ ’ਚ ਜਬਰ-ਜ਼ਿਨਾਹ ਅਤੇ ਧੋਖਾਦੇਹੀ ਦੀਆਂ ਧਾਰਾਵਾਂ ਦੇ ਨਾਲ-ਨਾਲ ਪਾਸਕੋ ਐਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ।


author

Anmol Tagra

Content Editor

Related News