ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪਤਨੀ, ਸੱਸ ਤੇ ਸਹੁਰੇ ਵਿਰੁੱਧ ਮਾਮਲਾ ਦਰਜ

Wednesday, Dec 17, 2025 - 10:44 PM (IST)

ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪਤਨੀ, ਸੱਸ ਤੇ ਸਹੁਰੇ ਵਿਰੁੱਧ ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ) - ਪਿੰਡ ਸੰਘਰੇੜੀ ਦੇ ਇਕ ਨੌਜਵਾਨ ਨਾਲ ਵਿਆਹ ਕਰਵਾ ਕੇ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਵੱਲੋਂ ਇਕ ਲੜਕੀ ਅਤੇ ਲੜਕੀ ਦੇ ਮਾਤਾ-ਪਿਤਾ ਸਮੇਤ ਇਕ ਹੋਰ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਪਵਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸੰਘਰੇੜੀ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ ਇਸ ਲਈ ਉਸ ਦੇ ਇਕ ਪਛਾਣ ਵਾਲੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ’ਚੋਂ ਇਕ ਲੜਕੀ ਮਨਦੀਪ ਕੌਰ ਜਿਸ ਦੀ ਆਈਲੈਟਸ ਕੀਤੀ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਵਿਆਹ ਕਰਵਾ ਕੇ ਵਿਦੇਸ਼ ਭੇਜਣਾ ਚਾਹੁੰਦੇ ਹਨ ਪਰ ਉਹ ਵਿਦੇਸ਼ ਭੇਜਣ ਦਾ ਖਰਚਾ ਨਹੀਂ ਕਰ ਸਕਦੇ। ਜੇਕਰ ਤੂ ਉਸ ਦਾ ਖਰਚਾ ਕਰ ਦੇਵੇ ਤਾਂ ਉਸ ਨਾਲ ਵਿਆਹ ਕਰਵਾ ਕੇ ਤੂ ਵੀ ਵਿਦੇਸ਼ ਜਾ ਸਕਦਾ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਲੜਕੀ ਮਨਦੀਪ ਕੌਰ ਤੇ ਉਸ ਦੀ ਮਾਤਾ ਦਲਜੀਤ ਕੌਰ ਤੇ ਪਿਤਾ ਰਾਜ ਸਿੰਘ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵੱਲੋਂ ਉਸ ਦੇ ਪਰਿਵਾਰ ਨੂੰ ਵਿਸ਼ਵਾਸ ਦਿੱਤਾ ਕਿ ਉਨ੍ਹਾਂ ਦੀ ਲੜਕੀ ਜਦੋਂ ਕੈਨੇਡਾ ਚਲੀ ਗਈ ਤਾਂ ਉਹ ਪਵਨਦੀਪ ਸਿੰਘ ਨੂੰ ਵੀ ਕੈਨੇਡਾ ਬਲਾ ਲਵੇਗੀ। ਜਿਸ ਤੋਂ ਬਾਅਦ ਉਸ ਨੇ ਲਿਖਤੀ ਇਕਰਾਰਨਾਮਾ ਕਰਦਿਆਂ ਮਨਦੀਪ ਕੌਰ ਨਾਲ ਵਿਆਹ ਕਰਵਾ ਲਿਆ।

ਵਿਆਹ ਤੋਂ ਬਾਅਦ ਪਵਨਦੀਪ ਸਿੰਘ ਦੇ ਪਿਤਾ ਨੇ ਆਪਣੀ 11 ਵਿੱਘੇ ਜ਼ਮੀਨ ਵੇਚ ਕੇ ਕਰੀਬ 23 ਲੱਖ ਰੁਪਏ ਖਰਚ ਕਰ ਕੇ ਮਨਦੀਪ ਕੌਰ ਨੂੰ ਕੈਨੇਡਾ ਭੇਜ ਦਿੱਤਾ ਸੀ। ਕੈਨੇਡਾ ਜਾ ਕੇ ਮਨਦੀਪ ਨੇ ਉਸ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਸੀ। ਇਸ ਤੋਂ ਬਾਅਦ ਮਨਦੀਪ ਕੌਰ ਵੱਲੋਂ ਪਵਨਦੀਪ ਸਿੰਘ ਦਾ ਕੈਨੇਡਾ ਦਾ ਅਪਲਾਈ ਕੀਤਾ ਹੋਇਆ ਵੀਜ਼ਾ ਵੀ ਰੱਦ ਹੋ ਗਿਆ।

ਇਸ ਸਬੰਧੀ ਜਦੋਂ ਉਸ ਨੇ ਆਪਣੇ ਸੁਹਰਾ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ ਫਿਰ ਜਦੋਂ ਉਸ ਨੇ ਆਪਣੇ ਖਰਚ ਕੀਤੇ ਹੋਈ ਰਾਸ਼ੀ ਨੂੰ ਵਾਪਸ ਕਰਨ ਲਈ ਕਿਹਾ ਤਾਂ ਉਨ੍ਹਾਂ ਉਸ ਦੇ ਰੁਪਏ ਵੀ ਵਾਪਸ ਨਹੀਂ ਕੀਤੇ।

ਪੁਲਸ ਨੇ ਪਵਨਦੀਪ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਵਨਦੀਪ ਸਿੰਘ ਦੀ ਪਤਨੀ ਮਨਦੀਪ ਕੌਰ ਪੁੱਤਰੀ ਰਾਜ ਸਿੰਘ, ਸੁਹਰੇ ਰਾਜ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਸੱਸ ਦਲਜੀਤ ਕੌਰ ਪਤਨੀ ਰਾਜ ਸਿੰਘ ਵਾਸੀਆਨ ਪਿੰਡ ਬਘਰੌਲ ਅਤੇ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਆਲੋਅਰਖ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Inder Prajapati

Content Editor

Related News