ਬਿਜਲੀ ਸੋਧ ਬਿੱਲ ਵਿਰੁੱਧ 8 ਦਸੰਬਰ ਦੇ ਧਰਨੇ ਲਈ ਤਿਆਰੀਆਂ ਮੁਕੰਮਲ - ਜੱਜ ਗਹਿਲ
Saturday, Dec 06, 2025 - 05:23 PM (IST)
ਮਹਿਲ ਕਲਾਂ (ਹਮੀਦੀ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਬਿਜਲੀ ਸੋਧ ਬਿੱਲ ਵਿਰੁੱਧ 8 ਦਸੰਬਰ ਨੂੰ ਕੀਤੇ ਜਾਣ ਵਾਲੇ ਉਲੀਕੇ ਪ੍ਰੋਗਰਾਮ ਲਈ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਬਰਨਾਲਾ ਦੇ ਸਾਰੇ ਪਾਵਰਕਾਮ ਸਬ-ਡਿਵੀਜ਼ਨਾਂ—ਮਹਿਲ ਕਲਾਂ, ਸ਼ੇਰਪੁਰ, ਬਰਨਾਲਾ, ਧਨੌਲਾ, ਭਦੌੜ ਅਤੇ ਤਪਾ ਅੱਗੇ ਧਰਨਿਆਂ ਨੂੰ ਸਫਲ ਬਣਾਉਣ ਲਈ ਜਥੇਬੰਦੀ ਨੇ ਵੱਡੀ ਮੋਬਲਾਈਜ਼ੇਸ਼ਨ ਕੀਤੀ ਹੈ। ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਪਿੰਡ ਹਮੀਦੀ, ਗੁੰਮਟੀ, ਨੰਗਲ, ਚੌਹਾਣਕੇ ਕਲਾ, ਵਜੀਦਕੇ ਕਲਾ, ਮਹਿਲ ਕਲਾਂ, ਪੰਡੋਰੀ ਅਤੇ ਨਰਾਇਣਗੜ੍ਹ ਸੋਹੀਆ ਵਿਚ ਕਿਸਾਨ ਵਰਕਰਾਂ ਨਾਲ ਮੀਟਿੰਗਾਂ ਹੋਈਆਂ।
ਇਸ ਦੌਰਾਨ ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ,ਬਲਾਕ ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਬਲਾਕ ਖਜਾਨਚੀ ਨਾਹਰ ਸਿੰਘ, ਮੀਤ ਸਕੱਤਰ ਮਾਨ ਸਿੰਘ, ਆਗੂ ਨਿਸ਼ਾਨ ਸਿੰਘ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬੁਕਣ ਸਿੰਘ, ਤੇ ਹੋਰ ਸਿਨੀਅਰ ਆਗੂ—ਹਾਕਮ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਾਮ ਸਿੰਘ, ਅੰਤ ਪਾਲ ਸਿੰਘ, ਗੁਰਮੇਲ ਸਿੰਘ, ਜੈ ਸਿੰਘ, ਪਵਿੱਤਰ ਸਿੰਘ, ਬਿੰਦਰ ਸਿੰਘ, ਗੁਰਜੰਟ ਸਿੰਘ, ਗੁਰਨਾਮ ਸਿੰਘ, ਘਮੰਡਾ ਸਿੰਘ, ਬਿੰਦਰ ਸਿੰਘ ਸੋਹੀ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਿਜਲੀ ਸੋਧ ਬਿੱਲ ਦੇ ਨੋਟੀਫਿਕੇਸ਼ਨ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਿਜਲੀ ਖੇਤਰ ਦੇ ਨਿੱਜੀਕਰਨ ਨਾਲ ਖਪਤਕਾਰਾਂ, ਕਿਸਾਨਾਂ ਅਤੇ ਬਿਜਲੀ ਕਰਮਚਾਰੀਆਂ ਉੱਤੇ ਵੱਡਾ ਬੋਝ ਪਵੇਗਾ ਅਤੇ ਪਿੰਡ ਪੱਧਰ ‘ਤੇ ਤਕਨੀਕੀ ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਆ ਜਾਣਗੀਆਂ।ਜਥੇਬੰਦੀ ਨੇ ਐਲਾਨ ਕੀਤਾ ਕਿ 8 ਦਸੰਬਰ ਨੂੰ ਮਹਿਲ ਕਲਾਂ ਐਸਡੀਓ ਦਫ਼ਤਰ ਅੱਗੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ ਜਾਵੇਗਾ, ਤੇ ਹਰ ਪਿੰਡ ਤੋਂ ਵੱਡੇ ਕਾਫਲੇ ਤਿਆਰ ਕਰਕੇ ਧਰਨਿਆਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਵਾਪਸ ਨਾ ਲਿਆ ਤਾਂ ਰਾਜ ਪੱਧਰ ‘ਤੇ ਵੱਡਾ ਸੰਘਰਸ਼ ਛੇੜਿਆ ਜਾਵੇਗਾ।
