ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਹੋ ਸਕਦੈ ਇਕ! ਚੰਦੂਮਾਜਰਾ ਦਾ ਵੱਡਾ ਬਿਆਨ

Thursday, Dec 11, 2025 - 07:53 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਹੋ ਸਕਦੈ ਇਕ! ਚੰਦੂਮਾਜਰਾ ਦਾ ਵੱਡਾ ਬਿਆਨ

ਲਹਿਰਾਗਾਗਾ (ਗਰਗ) : ਸਾਡੀ ਵਿਅਕਤੀ ਵਿਸ਼ੇਸ਼ ਨਾਲ ਕੋਈ ਰੰਜਿਸ਼ ਨਹੀਂ, 02 ਦਸੰਬਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਇੱਕਜੁੱਟ ਹੋ ਸਕਦੈ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਦੌਰੇ ਦੌਰਾਨ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। 

ਉਨ੍ਹਾਂ ਕਿਹਾ ਕਿ ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੋਕਤੰਤਰ ਦੀ ਨੀਂਹ ਹਨ, ਪਰ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ 'ਤੇ ਚੋਣਾਂ ਲੜਾ ਕੇ ਆਪਣੇ ਵਰਕਰਾਂ ਸਥਾਨਕ ਆਗੂਆਂ ਨੂੰ ਬੰਦੂਆ ਬਣਾ ਲੈਂਦੀਆਂ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਉਕਤ ਚੋਣਾਂ ਆਜ਼ਾਦ ਤੌਰ 'ਤੇ ਲੜੀਆਂ ਜਾਣ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਵੋਟਾਂ ਸਮੇਂ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਹੁਣ ਤੱਕ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਧੱਕੇ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ, ਪਰ "ਆਪ" ਵਾਲਿਆਂ ਨੂੰ ਸਮਝਣਾ ਚਾਹੀਦਾ ਕਿ ਇਹ ਲੋਕਤੰਤਰ ਲਈ ਖਤਰਨਾਕ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਐਸ਼ੋਪ੍ਰਸਤ ਅਤੇ ਆਪਣੀ ਪਬਲਿਸਿਟੀ 'ਤੇ ਹੀ ਖਰਚ ਕਰ ਦਿੱਤਾ, ਜਦੋਂ ਕਿ ਗਰੀਬ ਲੋਕਾਂ, ਮਹਿਲਾਵਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਐਂਡ ਪਾਰਟੀ ਐਂਡ ਪਾਰਟੀ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਖਰਚਿਆਂ ਵਾਸਤੇ ਬਿਜਲੀ ਬੋਰਡ, ਪੰਚਾਇਤ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਕਰ ਰਹੇ ਹਨ, ਜਦੋਂ ਕਿ ਸਰਕਾਰ ਕੋਲ ਸਰਕਾਰੀ ਜ਼ਮੀਨਾਂ ਵੇਚਣ ਦਾ ਕੋਈ ਹੱਕ ਨਹੀਂ, ਜਿਸ ਦੇ ਚੱਲਦੇ ਜੇਕਰ ਸਰਕਾਰ ਨੇ ਅਜਿਹੀ ਗਲਤੀ ਕੀਤੀ ਤਾਂ ਲੋਕ ਅਦਾਲਤਾਂ ਵਿੱਚ ਜਾਣਗੇ, ਜਿੱਥੇ ਕਿ ਸਰਕਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। 

ਉਨਾਂ ਪੰਜਾਬ ਕਾਂਗਰਸ ਦੀ ਗੁੱਟਬੰਦੀ 'ਤੇ ਗੱਲਬਾਤ ਕਰਦਿਆਂ ਕਿਹਾ ਕੇ ਇੰਦਰਾ ਗਾਂਧੀ ਨੇ ਭ੍ਰਿਸ਼ਟਾਚਾਰ ਨੂੰ ਆਮ ਗੱਲ ਕਹੀ ਸੀ, ਜੋ ਅੱਜ ਉਜਾਗਰ ਹੋ ਗਈ। ਉਨ੍ਹਾਂ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਜਨਮਦਾਤਾ ਕਹਿੰਦਿਆਂ ਕਿਹਾ ਕਿ 'ਆਪ' ਵੀ ਕਾਂਗਰਸ ਦੇ ਰਾਹ 'ਤੇ ਚੱਲ ਰਹੀ ਹੈ। ਉਨ੍ਹਾਂ ਅਕਾਲੀ ਦਲ ਦੇ ਇੱਕਜੁੱਟ ਹੋਣ ਅਤੇ ਭਾਜਪਾ ਨਾਲ ਗੱਠਜੋੜ ਹੋਣ ਦੇ ਮਾਮਲੇ 'ਤੇ ਕਿਹਾ ਕਿ ਅੱਜ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਜਾਵੇ, ਗੱਠਜੋੜ ਬਾਅਦ ਦੀ ਗੱਲ ਹੈ। ਇਸ ਮੌਕੇ ਐੱਸਜੀਪੀਸੀ ਦੇ ਪ੍ਰਚਾਰ ਕਮੇਟੀ ਦੇ ਮੈਂਬਰ ਰਾਮਪਾਲ ਸਿੰਘ ਬੈਹਨੀਵਾਲ, ਜ਼ਿਲ੍ਹਾ ਪਰਿਸ਼ਦ ਮੈਂਬਰ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਕੁਲਦੀਪ ਸਿੰਘ ਘੋੜੇਨਬ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

 


author

Baljit Singh

Content Editor

Related News