ਕਹਿਰ ਓ ਰੱਬਾ! ਪੰਜਾਬ ਦੇ ਇਸ ਪਿੰਡ ''ਚ ਪਸਰਿਆ ਮਾਤਮ, ਬੁਝ ਗਏ ਤਿੰਨ ਘਰਾਂ ਦੇ ਚਿਰਾਗ

Sunday, Dec 07, 2025 - 01:57 PM (IST)

ਕਹਿਰ ਓ ਰੱਬਾ! ਪੰਜਾਬ ਦੇ ਇਸ ਪਿੰਡ ''ਚ ਪਸਰਿਆ ਮਾਤਮ, ਬੁਝ ਗਏ ਤਿੰਨ ਘਰਾਂ ਦੇ ਚਿਰਾਗ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਇਤਿਹਾਸਿਕ ਪਿੰਡ ਗਹਿਲ ਨਾਲ ਸਬੰਧਤ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਅਤੇ ਪਰਿਵਾਰਾਂ 'ਚ ਮਾਹੌਲ ਗ਼ਮਗੀਨ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਆਕਾਸ਼ਦੀਪ ਸਿੰਘ  (26 ਸਾਲ) ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ (19 ਸਾਲ) ਪੁੱਤਰ ਸਰਬੀ ਸਿੰਘ, ਅੰਮ੍ਰਿਤਪਾਲ ਸਿੰਘ (23 ਸਾਲ) ਪੁੱਤਰ ਬੱਗਾ ਸਿੰਘ ਵਾਸੀ ਗਹਿਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। 

ਪ੍ਰਾਪਤ ਜਾਣਕਾਰੀ ਮੁਤਾਬਕ, ਤਿੰਨੋ ਨੌਜਵਾਨ ਸ਼ਨੀਵਾਰ ਨੂੰ ਪਰਵਿੰਦਰ ਸਿੰਘ ਦੀ ਰਿਸ਼ਤੇਦਾਰੀ ਵਿਚ ਮੁੱਲਾਂਪੁਰ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਏ ਸਨ। ਸਮਾਗਮ ਤੋਂ ਬਾਅਦ ਉਹ ਦੇਰ ਸ਼ਾਮ ਮੋਟਰਸਾਈਕਲ 'ਤੇ ਵਾਪਸ ਪਿੰਡ ਗਹਿਲ ਪਰਤ ਰਹੇ ਸਨ। ਰਸਤੇ ਵਿਚ ਮੋਟਰਸਾਈਕਲ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਨਾਂ ਨੂੰ ਰਾਹਗੀਰਾਂ ਨੇ ਤੁਰੰਤ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਪਹੁੰਚਾਇਆ, ਪਰ ਇਲਾਜ ਦੌਰਾਨ ਦੋਵੇਂ ਨੇ ਵੀ ਦਮ ਤੋੜ ਦਿੱਤਾ। ਇਹ ਮੰਦਭਾਗੀ ਘਟਨਾ ਦੀ ਖ਼ਬਰ ਜਿਵੇਂ ਹੀ ਪਿੰਡ ਪੁੱਜੀ, ਪੂਰੇ ਗਹਿਲ ਪਿੰਡ ਵਿਚ ਮਾਤਮ ਛਾ ਗਿਆ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਪਰਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਜਦਕਿ ਆਕਾਸ਼ਦੀਪ ਸਿੰਘ ਇਕ ਭੈਣ ਦਾ ਇਕਲੌਤਾ ਭਰਾ ਸੀ। 
 


author

Anmol Tagra

Content Editor

Related News