ਸ਼ਰਾਬ ਪੀਣ ਤੋਂ ਬਾਅਦ ਠੇਕੇ ਦੇ ਕਰਿੰਦੇ ਦੇ ਸਿਰ ''ਤੇ ਬੋਤਲਾਂ ਮਾਰ ਕੇ ਕੀਤਾ ਹਮਲਾ, ਫਿਰ ਕੀਤੀ ਲੁੱਟਖੋਹ

09/04/2017 7:08:39 PM

ਜਲੰਧਰ(ਮਹੇਸ਼)— ਬਸ਼ੀਰਪੁਰਾ ਰੇਲਵੇ ਫਾਟਕ ਦੇ ਨਜ਼ਦੀਕ ਕਰਿੰਦੇ ਦੇ ਸਿਰ 'ਤੇ ਬੋਤਲਾਂ ਮਾਰ ਕੇ ਲਗਭਗ ਅੱਧੀ ਦਰਜਨ ਨੌਜਵਾਨਾਂ ਨੇ ਠੇਕਾ ਲੁੱਟ ਲਿਆ। ਜਾਣਕਾਰੀ ਮੁਤਾਬਕ ਐਤਵਾਰ ਦੀ ਸ਼ਾਮ 6 ਵਜੇ ਫਾਟਕ ਨੇੜੇ ਸ਼ਰਾਬ ਦੇ ਠੇਕੇ 'ਤੇ 4-5 ਨੌਜਵਾਨ ਆਏ। ਪਹਿਲਾਂ ਉਨ੍ਹਾਂ ਉਥੇ ਥੜ੍ਹੇ 'ਤੇ ਹੋ ਕੇ ਸ਼ਰਾਬ ਪੀਤੀ ਅਤੇ ਬਾਅਦ ਵਿਚ ਠੇਕੇ ਦੇ ਕਰਿੰਦੇ ਰਾਮੂ ਪੁੱਤਰ ਤੀਰਥ ਰਾਮ ਨਿਵਾਸੀ ਹਰਗੋਬਿੰਦ ਨਗਰ ਰੇਰੂ ਦੇ ਸਿਰ ਵਿਚ ਖਾਲੀ ਬੋਤਲਾਂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। 
ਇਸ ਦੌਰਾਨ ਉਹ ਠੇਕੇ ਦੇ ਗੱਲੇ ਵਿਚ ਪਏ ਲਗਭਗ 35 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਉਥੋਂ ਫਰਾਰ ਹੋ ਗਿਆ। ਲੋਕਾਂ ਨੇ ਖੂਨ ਨਾਲ ਲਥਪਥ ਪਏ ਕਰਿੰਦੇ ਰਾਮੂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਰਾਮੂ ਨੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਆਪਣੇ ਬਿਆਨ ਦਿੱਤੇ। 
ਦਿਨ-ਦਿਹਾੜੇ ਹੋਈ ਇਸ ਲੁੱਟ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁਟੇਰਿਆਂ ਦਾ ਦੇਰ ਸ਼ਾਮ ਤੱਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਸੀ। ਕਰਿੰਦੇ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਕਿਸੇ ਹਮਲਾਵਰ ਨੂੰ ਨਹੀਂ ਦੇਖਿਆ ਅਤੇ ਨਾ ਹੀ ਉਸ ਦੀ ਕਿਸੇ ਨਾਲ ਰੰਜਿਸ਼ ਸੀ।


Related News