ਵਿਸ਼ਵ ਕੱਪ ’ਚ ਸਫਲਤਾ ਤੋਂ ਵੱਡਾ ਕੋਈ ਇਨਾਮ ਨਹੀਂ

Friday, Jul 05, 2024 - 05:48 PM (IST)

ਵਿਸ਼ਵ ਕੱਪ ’ਚ ਸਫਲਤਾ ਤੋਂ ਵੱਡਾ ਕੋਈ ਇਨਾਮ ਨਹੀਂ

ਜਦੋਂ ਸਾਡੀ ਭਾਰਤੀ ਟੀ-20 ਵਿਸ਼ਵ ਕੱਪ ਟੀਮ ਨੇ ਟ੍ਰਾਫੀ ਜਿੱਤੀ ਤਾਂ ਪੂਰਾ ਦੇਸ਼ ਇਕਜੁੱਟ ਅਤੇ ਖੁਸ਼ ਸੀ। ਇਸ ਨੇ ਨਾ ਸਿਰਫ ਹਾਰ ਦੇ ਮੂੰਹ ’ਚੋਂ ਜਿੱਤ ਖੋਹ ਲਈ, ਸਗੋਂ ਆਪਣੇ ਵੱਲੋਂ ਖੇਡੇ ਗਏ ਹਰ ਮੈਚ ’ਚ ਜਿੱਤ ਹਾਸਲ ਕੀਤੀ। ਪਹਿਲਾਂ ਮੁੱਢਲੇ ਦੌਰ ’ਚ (ਇਕ ਨੂੰ ਛੱਡ ਕੇ ਜਿਸ ਨੂੰ ਮੀਂਹ ਦੇ ਕਾਰਨ ਰੱਦ ਕਰਨਾ ਪਿਆ), ਫਿਰ ਦੂਜੇ ਦੌਰ ’ਚ ਅਤੇ ਸੈਮੀਫਾਈਨਲ ’ਚ ਅਤੇ ਫਿਰ ਕੈਰੇਬੀਅਨ ਦੇ ਬਾਰਬਾਡੋਸ ’ਚ ਦੱਖਣੀ ਅਫਰੀਕਾ ਵਿਰੁੱਧ ਫਾਈਨਲ ਮੈਚ ਖੇਡਿਆ।

ਟੂਰਨਾਮੈਂਟ ਦੀ ਇਕ ਹੋਰ ਵਰਨਣਯੋਗ ਖਾਸੀਅਤ ਇਹ ਸੀ ਕਿ ਹਰੇਕ ਖਿਡਾਰੀ ਨੇ ਅੰਤਿਮ ਸਫਲਤਾ ’ਚ ਹਿੱਸਾ ਪਾਇਆ, ਜਦਕਿ ਪਿਛਲੇ ਕਈ ਟੂਰਨਾਮੈਂਟਾਂ ’ਚ ਵੱਖ-ਵੱਖ ਰੂਪਾਂ ’ਚ ਜਿੱਤ ਜਾਂ ਹਾਰ ਇਕ ਜਾਂ ਦੋ ਖਿਡਾਰੀਆਂ ’ਤੇ ਨਿਰਭਰ ਸੀ। ਆਖਰੀ ਓਵਰ ’ਚ ਹਾਰਦਿਕ ਪੰਡਯਾ ਦੀ ਗੇਂਦ ’ਤੇ ਸੂਰਯਕੁਮਾਰ ਯਾਦਵ ਵੱਲੋਂ ਬਾਊਂਡਰੀ ਲਾਈਨ ’ਤੇ ਲਏ ਗਏ ਕੈਚ ਨੇ ਅਸਲ ’ਚ ਮੈਚ ਦਾ ਰੁਖ ਬਦਲ ਦਿੱਤਾ।

ਦੱਖਣੀ ਅਫਰੀਕੀ ਖਿਡਾਰੀ 6 ਗੇਂਦਾਂ ਬਾਕੀ ਰਹਿੰਦੇ ਸਿਰਫ 16 ਦੌੜਾਂ ਦੀ ਲੋੜ ਦੇ ਨਾਲ ਜਿੱਤ ਵੱਲ ਵਧ ਰਹੇ ਸਨ। ਇਹ ਉਹ ਕੈਚ ਸੀ ਜਿਸ ਨੇ ਦੱਖਣੀ ਅਫਰੀਕਾ ਦੀ ਕਿਸਮਤ ਤੈਅ ਕਰ ਦਿੱਤੀ। ਦੱਖਣੀ ਅਫਰੀਕੀ ਬੱਲੇਬਾਜ਼ ਹੇਨਰਿਕ ਕਲਾਸੇਨ ਆਪਣੀ ਬਿਹਤਰੀਨ ਖੇਡ ’ਚ ਸੀ। ਲਗਾਤਾਰ ਛੱਕੇ ਲਗਾਉਂਦੇ ਹੋਏ ਗੇਂਦ ਨੂੰ ਮੈਦਾਨ ਤੋਂ ਬਾਹਰ ਮਾਰ ਰਹੇ ਸਨ ਅਤੇ ਜਿਉਂ ਹੀ ਅਸੀਂ ਟੈਲੀਵਿਜ਼ਨ ਨਾਲ ਚਿੰਬੜੇ ਹੋਏ ਸੀ, ਸੂਰਯਕੁਮਾਰ ਨੇ ਡੇਵਿਡ ਮਿਲਰ ਦਾ ਮੁਸ਼ਕਲ ਕੈਚ ਫੜਿਆ।

ਉਨ੍ਹਾਂ ਨੂੰ ਆਪਣਾ ਸੰਤੁਲਨ ਬਣਾਈ ਰੱਖਣ ਲਈ ਆਪਣੀ ਪੂਰੀ ਹੁਸ਼ਿਆਰੀ ਤੋਂ ਕੰਮ ਲੈਣਾ ਪਿਆ ਤਾਂ ਕਿ ਗੇਂਦ ਦੇ ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਹੀ ਵਾਪਸ ਛਾਲ ਮਾਰ ਕੇ ਉਸ ਨੂੰ ਫੜ ਸਕੇ।

ਹਾਰਦਿਕ ਪੰਡਯਾ, ਜਿਨ੍ਹਾਂ ਨੇ ਆਈ. ਪੀ. ਐੱਲ. ’ਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕੀਤੀ ਸੀ, ਜਿੱਥੇ ਉਨ੍ਹਾਂ ਨੇ ਨੀਤਾ ਅੰਬਾਨੀ ਦੀ ਫ੍ਰੈਂਚਾਈਜ਼ੀ ਦੇ ਸਭ ਤੋਂ ਹਰਮਨਪਿਆਰੇ ਕਪਤਾਨ ਰੋਹਿਤ ਸ਼ਰਮਾ ਦੀ ਥਾਂ ਲਈ ਸੀ, ਇਸ ਸਾਲ ਫ੍ਰੈਂਚਾਈਜ਼ੀ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ ਆਪਣਾ ਸੰਜਮ ਅਤੇ ਆਪਣੀ ਫਾਰਮ ਨੂੰ ਫਿਰ ਤੋਂ ਹਾਸਲ ਕੀਤਾ ਅਤੇ ਮਹੱਤਵਪੂਰਨ ਅੰਤਿਮ ਗੇਮ ਅਤੇ ਉਸ ਤੋਂ ਪਹਿਲਾਂ ਦੇ ਵਧੇਰੇ ਮੈਚਾਂ ’ਚ ਚਮਕੇ।

ਸ਼ਾਨਦਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਫੈਦ ਗੇਂਦ ਨਾਲ ਹਮੇਸ਼ਾ ਵਾਂਗ ਕਿਫਾਇਤੀ ਅਤੇ ਪ੍ਰਭਾਵੀ ਰਹੇ। ਉਨ੍ਹਾਂ ਨੂੰ ਇਕ ਹੋਰ ਸਿੱਖ ਸਪੀਡਸਟਰ ਅਸ਼ਰਦੀਪ ਸਿੰਘ ਦਾ ਚੰਗਾ ਸਾਥ ਮਿਲਿਆ, ਜਿਨ੍ਹਾਂ ਨੇ ਬਿਲਕੁਲ ਸਹੀ ਸਮੇਂ ’ਤੇ ਆਪਣੀ ਲੈਅ ਹਾਸਲ ਕੀਤੀ। ਕਿੰਗ ਕੋਹਲੀ ਨੇ ਉਸ ਸਮੇਂ ਚੰਗਾ ਪ੍ਰਦਰਸ਼ਨ ਕੀਤਾ, ਜਦੋਂ ਟੀਮ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ।

ਸ਼ਨੀਵਾਰ ਨੂੰ ਟੂਰਨਾਮੈਂਟ ਦੇ ਅੰਤਿਮ ਮੈਚ ’ਚ ਉਨ੍ਹਾਂ ਦੇ ਪ੍ਰਦਰਸ਼ਨ ਨੇ ਸਾਡੀ ਅੰਤਿਮ ਜਿੱਤ ’ਚ ਅਹਿਮ ਯੋਗਦਾਨ ਪਾਇਆ। ਇਹ ਟੀ-20 ਕ੍ਰਿਕਟ ’ਚ ਉਨ੍ਹਾਂ ਦਾ ਆਖਰੀ ਮੈਚ ਸੀ। ਉਹ ਇਸ ਪਲ ਨੂੰ ਕਦੀ ਨਹੀਂ ਭੁੱਲਣਗੇ। ਉਨ੍ਹਾਂ ਦੇ ਦੇਸ਼ਵਾਸੀ ਯਕੀਨਨ ਇਸ ਮਹਾਨ ਕ੍ਰਿਕਟਰ ਪ੍ਰਤੀ ਰਾਸ਼ਟਰ ਦੇ ਪਲ ਨੂੰ ਨਹੀਂ ਭੁੱਲਣਗੇ। ਮੈਨੂੰ ਮਾਣ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਦੇ ਅਭਿਨੈ ਕਰੀਅਰ ਦੇ ਸਨਮਾਨ ’ਚ ਮੇਰੇ ਸ਼ਹਿਰ ਮੁੰਬਈ ਨੂੰ ਆਪਣਾ ਪੱਕਾ ਨਿਵਾਸ ਚੁਣਿਆ ਹੈ।

ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਇਕ ਹੋਰ ਮਹਾਰਥੀ ਖਿਡਾਰੀ ਕਪਤਾਨ ਰੋਹਿਤ ਸ਼ਰਮਾ ਹਨ। ਉਨ੍ਹਾਂ ਨੇ ਆਈ. ਪੀ. ਐੱਲ. ਮੈਚਾਂ ’ਚ ਬੱਲੇ ਦੇ ਨਾਲ ਬੜਾ ਆਨੰਦ ਅਤੇ ਮਨੋਰੰਜਨ ਮੁਹੱਈਆ ਕੀਤਾ ਹੈ।

ਉਨ੍ਹਾਂ ਨੇ ਹਰੇਕ ਖੇਡ ਦੀ ਸ਼ੁਰੂਆਤ ਤੋਂ ਹੀ ਤਬਾਹਕੁੰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਛੱਕਿਆਂ ਅਤੇ ਚੌਕਿਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਬੇਪ੍ਰਵਾਹੀ ਨਾਲ ਮਾਰਿਆ, ਨੇ ਪੂਰੇ ਆਈ. ਪੀ. ਐੱਲ. ਮੈਚਾਂ ’ਚ ਉਨ੍ਹਾਂ ਦੇ ਸਮਰਥਕਾਂ ਨੂੰ ਉਤਸ਼ਾਹਿਤ ਰੱਖਿਆ।

ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਨੂੰ ਛੱਡ ਕੇ ਉਹ ਵਿਸ਼ਵ ਕੱਪ ’ਚ ਓਨੇ ਸਫਲ ਨਹੀਂ ਰਹੇ ਜਿੱਥੇ ਰੋਹਿਤ ਕੁਝ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਏ। ਮੈਂ ਰੋਹਿਤ ਦਾ ਮੁੰਬਈ ’ਚ ਸਵਾਗਤ ਕਰਦਾ ਹਾਂ ਜਿੱਥੇ ਉਹ ਵੱਸ ਗਏ ਹਨ।

ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਖਣਾ ਇਕ ਹੋਰ ਸ਼ਾਨਦਾਰ ਅਨੁਭਵ ਸੀ, ਨਾ ਸਿਰਫ ਸਟੰਪ ਦੇ ਪਿੱਛੇ ਸਗੋਂ ਸਟੰਪ ਦੇ ਸਾਹਮਣੇ ਵੀ। ਸੂਰਯਕੁਮਾਰ ਯਾਦਵ, ਸ਼ਿਵਮ ਦੁਬੇ ਅਤੇ ਹਰਫਨਮੌਲਾ ਖਿਡਾਰੀ ਅਕਸ਼ਰ ਪਟੇਲ ਨੇ ਟੀਮ ਨੂੰ ਮੁਸ਼ਕਲ ਸਮੇਂ ’ਚ ਮੁਸ਼ਕਲ ਹਾਲਾਤ ’ਚੋਂ ਕੱਢਿਆ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਸਾਰਿਆਂ ਨੇ ਇਸ ਵਿਸ਼ਵ ਕੱਪ ਟੀਮ ਦੀ ਸਫਲਤਾ ’ਚ ਆਪਣਾ ਯੋਗਦਾਨ ਦਿੱਤਾ।

ਇਹ ਇਕ ਬਿਹਤਰੀਨ ਟੀਮ ਦਾ ਯਤਨ ਸੀ, ਜਿਸ ਦੀ ਅਗਵਾਈ ਇਕ ਮਹਾਨ ਨੇਤਾ ਨੇ ਕੀਤੀ। ਵਿਰੋਧੀਆਂ ਨਾਲ ਸਨਮਾਨ ਨਾਲ ਪੇਸ਼ ਆਇਆ। ਛੋਟੀਆਂ ਟੀਮਾਂ ਦੇ ਵਿਰੁੱਧ ਖੇਡਦੇ ਹੋਏ ਵੀ ਆਤਮ ਸੰਤੁਸ਼ਟੀ ਦੀ ਕੋਈ ਗੁੰਜਾਇਸ਼ ਨਹੀਂ ਸੀ।

ਸਾਡੇ ਸਿਆਸੀ ਆਗੂ ਇਸ ਟੀ-20 ਵਿਸ਼ਵ ਕੱਪ ਕ੍ਰਿਕਟ ਟੀਮ ਤੋਂ ਕੁਝ ਸਬਕ ਸਿੱਖ ਸਕਦੇ ਹਨ। ਸਿੱਖਣ ਲਾਇਕ ਮਹੱਤਵਪੂਰਨ ਸਬਕ ਅਗਵਾਈ ਦੇ ਖੇਤਰ ’ਚ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਟੀਮ ਦੇ ਹਰ ਖਿਡਾਰੀ ਦੀ ਤਾਕਤ ਦੀ ਵਰਤੋਂ ਕਰੋ ਅਤੇ ਵਿਰੋਧੀਆਂ ਨੂੰ ਕਦੀ ਵੀ ਦਰੜਣ ਲਾਇਕ ਮਿੱਟੀ ਨਾ ਸਮਝੋ।

ਇੱਥੋਂ ਤੱਕ ਕਿ ਆਰ. ਐੱਸ. ਐੱਸ. ਦੇ ਸਰਸੰਘਚਾਲਕ ਨੇ ਵੀ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਦੇ ਬਾਅਦ ਇਹੀ ਸਲਾਹ ਿਦੱਤੀ ਸੀ, ਜਿੱਥੇ ਉਨ੍ਹਾਂ ਨੇ ਆਪਣੇ ਗੜ੍ਹ ਉੱਤਰ ਪ੍ਰਦੇਸ਼ ’ਚ ਕਾਫੀ ਜ਼ਮੀਨ ਗੁਆ ਦਿੱਤੀ ਸੀ। ਮੇਰੇ ਅਨੁਸਾਰ, ਜਦੋਂ ਬੀ. ਸੀ. ਸੀ. ਆਈ. ਨੇ ਟੀਮ ਨੂੰ 125 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ, ਤਾਂ ਇਹ ਇਕ ਹੈਰਾਨ ਕਰਨ ਵਾਲੀ ਗੱਲ ਸੀ। ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲਿਆਂ ਲਈ ਵਿਸ਼ਵ ਕੱਪ ’ਚ ਸਫਲਤਾ ਤੋਂ ਵੱਡਾ ਕੋਈ ਇਨਾਮ ਨਹੀਂ ਹੋ ਸਕਦਾ, ਭਾਵੇਂ ਉਹ ਟੈਸਟ ਕ੍ਰਿਕਟ ਹੋਵੇ, ਵਨਡੇ ਇੰਟਰਨੈਸ਼ਨਲ ਹੋਵੇ ਜਾਂ ਟੀ-20।

ਆਪਣੇ ਦੇਸ਼ਵਾਸੀਆਂ ਵੱਲੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਿਲਣ ਵਾਲਾ ਪਿਆਰ, ਸਨਮਾਨ ਅਤੇ ਮਾਨਤਾ ਹੀ ਪੁਰਸਕਾਰ ਪਿਰਾਮਿਡ ਦਾ ਸਿਖਰ ਹੈ। ਸਾਡੇ ਸਮੂਹਿਕ ਉਤਸ਼ਾਹ ਦੇ ਇਸ ਪੜਾਅ ’ਚ ਪੈਸਿਆਂ ਦੇ ਇਨਾਮਾਂ ਦਾ ਦਿਖਾਵਾ ਕਰਨ ਦੀ ਲੋੜ ਨਹੀਂ ਹੈ।

ਅਖਬਾਰਾਂ ’ਚ ਨਕਦ ਇਨਾਮ ਦੀ ਸ਼ੁਰੂਆਤ ਨੂੰ ਇੰਨੇ ਭੈੜੇ ਤਰੀਕੇ ਨਾਲ ਨਹੀਂ ਦਿਖਾਇਆ ਜਾਣਾ ਚਾਹੀਦਾ ਸੀ। ਇਨ੍ਹਾਂ ’ਚ ਹੇਠਲੇ ਦਰਜੇ ਦੇ ਵਪਾਰੀਕਰਨ ਦੀ ਬੋਅ ਆਉਂਦੀ ਹੈ। ਇਹ ਭਗਵਦ ਗੀਤਾ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੈ।

ਬਿਨਾਂ ਕਿਸੇ ਪ੍ਰਤੀਫਲ ਦੀ ਆਸ ਦੇ ਆਪਣਾ ਫਰਜ਼ ਨਿਭਾਉਣਾ ਗੀਤਾ ਦੀਆਂ ਸਿੱਖਿਆਵਾਂ ਦਾ ਮੂਲ ਹੈ। ਬੀ. ਸੀ. ਸੀ. ਆਈ. ਨੇ ਇਹ ਕਿਉਂ ਮੰਨ ਲਿਆ ਕਿ ਖਿਡਾਰੀ ਸਫਲਤਾ ਦੀ ਭਾਲ ’ਚ ਪੈਸਿਆਂ ਬਾਰੇ ਸੋਚ ਰਹੇ ਸਨ?

ਬੇਸ਼ੱਕ, ਪੈਸਿਆਂ ਦੇ ਰੂਪ ’ਚ ਇਕੋ ਜਿਹੇ ਇਨਾਮ ਦਾ ਹਮੇਸ਼ਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਦੀ ਆਸ ਕੀਤੀ ਜਾਂਦੀ ਹੈ। ਇਸ ਨੂੰ ਬਿਨਾਂ ਕਿਸੇ ਧੂਮਧਾਮ ਦੇ ਵੰਡਿਆ ਜਾ ਸਕਦਾ ਸੀ ਜਿਸ ਨਾਲ ਲੋਕਾਂ ਨੂੰ ਇਹ ਨਾ ਜਾਪੇ ਕਿ ਖਿਡਾਰੀ ਸਿਰਫ ਪੈਸਿਆਂ ਲਈ ਖੇਡਦੇ ਹਨ। ਇਸ ਤੋਂ ਕਿਤੇ ਵੱਡੀ ਚੀਜ਼ ਹੈ ਜਿਸ ਦੇ ਲਈ ਉਹ ਯਤਨ ਕਰਦੇ ਹਨ ਉਹ ਹੈ ਸ਼ਲਾਘਾ, ਪਿਆਰ ਅਤੇ ਸਭ ਤੋਂ ਵੱਧ ਕੇ ਭਾਰਤ ਦੇ ਲੋਕਾਂ ਦਾ ਸਨਮਾਨ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)


author

Rakesh

Content Editor

Related News