ਨੇਪਾਲ ਦੇ PM ''ਪ੍ਰਚੰਡ'' 12 ਜੁਲਾਈ ਨੂੰ ਬਹੁਮਤ ਪ੍ਰੀਖਣ ਦਾ ਕਰਨਗੇ ਸਾਹਮਣਾ
Friday, Jul 05, 2024 - 05:36 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਾਹਾਲ 'ਪ੍ਰਚੰਡ' 12 ਜੁਲਾਈ ਨੂੰ ਪ੍ਰਤੀਨਿਧੀ ਸਭਾ 'ਚ ਬਹੁਮਤ ਪ੍ਰੀਖਿਆ ਦਾ ਸਾਹਮਣਾ ਕਰਨਗੇ। ਵੀਰਵਾਰ ਨੂੰ ਇਹ ਐਲਾਨ ਕੀਤਾ ਗਿਆ। ਇਸ ਹਫ਼ਤੇ ਦੇ ਸ਼ੁਰੂ 'ਚ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪ੍ਰਚੰਡ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਪ੍ਰਧਾਨ ਮੰਤਰੀ ਨੇ ਸੰਸਦ ਸਕੱਤਰ ਨੂੰ ਪੱਤਰ ਲਿਖ ਕੇ ਬਹੁਮਤ ਟੈਸਟ ਲਈ ਵੋਟਿੰਗ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ। ਕਾਠਮੰਡੂ ਪੋਸਟ ਨੇ ਰਿਪੋਰਟ ਦਿੱਤੀ,“ਦਾਹਾਲ ਨੇ ਸੰਵਿਧਾਨ ਦੀ ਧਾਰਾ 100 (2) ਦੇ ਤਹਿਤ ਬਹੁਮਤ ਪ੍ਰੀਖਣ ਦੀ ਬੇਨਤੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਪਾਰਟੀ ਵੰਡੀ ਜਾਂਦੀ ਹੈ ਜਾਂ ਜੇਕਰ ਕੋਈ ਸਿਆਸੀ ਪਾਰਟੀ ਗਠਜੋੜ ਸਰਕਾਰ ਤੋਂ ਸਮਰਥਨ ਵਾਪਸ ਲੈਂਦੀ ਹੈ ਤਾਂ ਪ੍ਰਧਾਨ ਮੰਤਰੀ ਮੰਤਰੀ ਨੂੰ ਪ੍ਰਤੀਨਿਧ ਸਦਨ 'ਚ ਬਹੁਮਤ ਸਾਬਤ ਕਰਨ ਲਈ 30 ਦਿਨਾਂ ਦੇ ਅੰਦਰ ਇਕ ਪ੍ਰਸਤਾਵ ਪੇਸ਼ ਕਰਨਾ ਹੋਵੇਗਾ।''
ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦੇਉਬਾ ਅਤੇ ਕਮਿਊਨਿਸਟ ਪਾਰਟੀ ਆਫ਼ ਨੇਪਾਲ-ਯੂਨੀਫਾਈਡ ਮਾਰਕਸਿਸਟ-ਲੈਨਿਨਿਸਟ (ਸੀਪੀਐੱਨ-ਯੂਐੱਮਐੱਲ) ਦੇ ਪ੍ਰਧਾਨ ਕੇ.ਪੀ. ਸ਼ਰਮਾ ਓਲੀ ਨੇ ਗਠਜੋੜ ਸਰਕਾਰ ਬਣਾਉਣ ਲਈ ਸੋਮਵਾਰ ਨੂੰ ਸਮਝੌਤਾ ਕੀਤਾ ਸੀ। ਦੱਸਣਯੋਗ ਹੈ ਕਿ 275 ਮੈਂਬਰੀ ਪ੍ਰਤੀਨਿਧੀ ਸਭਾ 'ਚ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਦੇ 89 ਜਦੋਂ ਕਿ ਸੀ.ਪੀ.ਐੱਨ.-ਯੂ.ਐੱਮ.ਐੱਲ. ਦੇ 78 ਮੈਂਬਰ ਹਨ। ਪ੍ਰਚੰਡ ਦੀ ਕਮਿਊਨਿਸਟ ਪਾਰਟੀ ਆਫ਼ ਨੇਪਾਲ-ਮਾਓਇਸਟ ਸੈਂਟਰ (ਸੀਪੀਐੱਨ-ਐੱਮਸੀ) ਦੇ 32 ਸੰਸਦ ਮੈਂਬਰ ਹਨ। 10 ਸੀਟਾਂ ਵਾਲੀ ਸੀਪੀਐੱਨ-ਯੂਨੀਫਾਈਡ ਸੋਸ਼ਲਿਸਟ (ਸੀਪੀਐੱਨ-ਯੂਐੱਸ) ਨੇ ਕਿਹਾ ਹੈ ਕਿ ਉਹ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਦੇ ਪੱਖ 'ਚ ਵੋਟਿੰਗ ਕਰੇਗੀ। ਇਸ ਸਮਰਥਨ ਦੇ ਬਾਵਜੂਦ ਪ੍ਰਚੰਡ ਨੂੰ ਪ੍ਰਤੀਨਿਧੀ ਸਭਾ ਦੇ ਸਿਰਫ਼ 63 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੂੰ ਬਹੁਮਤ ਸਾਬਿਤ ਕਰਨ ਲਈ 138 ਵੋਟਾਂ ਦੀ ਲੋੜ ਹੋਵੇਗੀ। ਲਗਭਗ ਡੇਢ ਸਾਲ ਦੇ ਕਾਰਜਕਾਲ 'ਚ 13 ਸਰਕਾਰਾਂ ਰਹੀਆਂ ਹਨ, ਜਿਸ ਨਾਲ ਦੇਸ਼ ਦੀ ਰਾਜਨੀਤਕ ਪ੍ਰਣਾਲੀ ਦੀ ਨਾਜ਼ੁਕ ਸਥਿਤੀ ਦਾ ਪਤਾ ਲੱਗਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e