ਕੀਰ ਸਟਾਰਮਰ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ, ਰਿਸ਼ੀ ਸੁਨਕ ਨੇ ਮੰਗੀ ਪਾਰਟੀ ਤੋਂ ਮੁਆਫ਼ੀ
Friday, Jul 05, 2024 - 08:21 PM (IST)
ਲੰਡਨ (ਭਾਸ਼ਾ)- ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਸ਼ੁੱਕਰਵਾਰ ਨੂੰ ਬਕਿੰਘਮ ਪੈਲੇਸ 'ਚ ਕਿੰਗ ਚਾਰਲਸ ਤੀਜੇ III ਨਾਲ ਮੁਲਾਕਾਤ ਤੋਂ ਬਾਅਦ ਅਧਿਕਾਰਤ ਰੂਪ ਨਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਗਏ। ਬ੍ਰਿਟੇਨ ਦੀਆਂ ਇਤਿਹਾਸਕ ਆਮ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਲੇਬਰ ਨੇਤਾ ਸਟਾਰਮਰ (61) ਆਪਣੀ ਪਤਨੀ ਵਿਕਟੋਰੀਆ ਸਟਾਰਮਰ ਨਾਲ ਰਾਜਮਹਿਲ ਪਹੁੰਚੇ। ਰਿਸ਼ੀ ਸੁਨਕ ਨੇ ਚੋਣਾਂ 'ਚ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨੂੰ ਇਤਿਹਾਸ ਦੀ ਸਭ ਤੋਂ ਬੁਰੀ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਰਿਸ਼ੀ ਸੁਨਕ (44) ਨੇ ਮਹਾਰਾਜਾ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਟਾਰਮਰ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ 'ਚ ਰਾਸ਼ਟਰੀ ਨਵੀਨੀਕਰਨ ਦੇ ਇਕ ਪੜਾਅ ਦਾ ਵਾਅਦਾ ਕੀਤਾ ਹੈ।
ਸ਼ੁੱਕਰਵਾਰ ਨੂੰ ਸਵੇਰੇ ਲੇਬਰ ਪਾਰਟੀ ਨੂੰ ਸੰਸਦ 'ਚ ਬਹੁਮਤ ਲਈ ਜ਼ਰੂਰੀ 326 ਸੀਟਾਂ 'ਤੇ ਜਿੱਤ ਮਿਲ ਗਈ। ਉਸ ਤੋਂ ਬਾਅਦ ਸਟਾਰਮਰ ਨੇ ਲੰਡਨ 'ਚ ਆਪਣਾ ਜੇਤੂ ਭਾਸ਼ਣ ਦਿੰਦੇ ਹੋਏ ਕਿਹਾ,''ਤਬਦੀਲੀ ਹੁਣ ਸ਼ੁਰੂ ਹੁੰਦੀ ਹੈ ਅਤੇ ਇਹ ਚੰਗਾ ਲੱਗਦਾ ਹੈ, ਮੈਨੂੰ ਈਮਾਨਦਾਰ ਹੋਣਾ ਚਾਹੀਦਾ।'' ਉਨ੍ਹਾਂ ਕਿਹਾ,''ਇਸ ਤਰ੍ਹਾਂ ਦੇ ਜਨਾਦੇਸ਼ ਨਾਲ ਇਕ ਵੱਡੀ ਜ਼ਿੰਮੇਵਾਰੀ ਵੀ ਮਿਲਦੀ ਹੈ। ਸਾਡਾ ਕੰਮ ਇਸ ਦੇਸ਼ ਨੂੰ ਇਕੱਠੇ ਰੱਖਣ ਵਾਲੇ ਵਿਚਾਰਾਂ ਨੂੰ ਨਵੀਨੀਕ੍ਰਿਤ ਕਰਨ ਤੋਂ ਘੱਟ ਨਹੀਂ ਹੈ। ਰਾਸ਼ਟਰੀ ਨਵੀਨੀਕਰਨ।'' ਬਾਅਦ 'ਚ ਨਵੇਂ ਪ੍ਰਧਾਨ ਮੰਤਰੀ ਸਟਾਰਮਰ ਬ੍ਰਿਟੇਨ ਦੇ 58ਵੇਂ ਨੇਤਾ ਵਜੋਂ ਅਹੁਦਾ ਸੰਭਾਲਣ ਲਈ ਡਾਊਨਿੰਗ ਸਟ੍ਰੀਟ ਪਹੁੰਚੇ। ਉਨ੍ਹਾਂ ਨੇ ਬ੍ਰਿਟੇਨ ਦੇ ਪਹਿਲੇ ਬ੍ਰਿਟਿਸ਼-ਏਸ਼ੀਆਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਤਬਦੀਲੀ ਲਈ ਵੋਟਿੰਗ ਕੀਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਅੱਗੇ ਵਧਣ ਦੀ ਲੋੜ ਹੈ।
ਰਿਸ਼ੀ ਸੁਨਕ ਨੇ ਮੰਗੀ ਮੁਆਫ਼ੀ
ਰਿਸ਼ੀ ਸੁਨਕ ਨੇ ਆਪਣੇ ਸੰਸਦੀ ਖੇਤਰ ਰਿਚਮੰਡ ਅਤੇ ਨਾਰਦਰਨ ਐਲਟਰਨ 'ਚ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੈਂ ਮੁਆਫ਼ੀ ਮੰਗਦਾ ਹਾਂ ਅਤੇ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹੈ।'' ਰਿਸ਼ੀ ਸੁਨਕ ਨੇ ਕਿਹਾ ਕਿ ਲੇਬਰ ਪਾਰਟੀ ਨੇ ਇਸ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ ਅਤੇ ਮੈਂ ਕੀਰ ਸਟਾਰਮਰ ਨੂੰ ਫੋਨ ਕਰ ਕੇ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e