ਹੋ ਗਿਆ ਐਨਕਾਊਂਟਰ, STF ਨੇ 1 ਲੱਖ ਦਾ ਇਨਾਮੀ ਬਦਮਾਸ਼ ਕੀਤਾ ਢੇਰ, ਗੈਂਗਸਟਰਾਂ ਨਾਲ ਸੀ ਸੰਬੰਧ
Friday, Jul 05, 2024 - 07:46 PM (IST)
ਜੌਨਪੁਰ, ਐੱਸ. ਟੀ. ਐੱਫ. ਨੇ ਯੂ. ਪੀ. ਦੇ ਜੌਨਪੁਰ ਵਿਚ ਮੁਕਾਬਲੇ ਦੌਰਾਨ ਇੱਕ ਲੱਖ ਰੁਪਏ ਦੇ ਇਨਾਮੀ ਮੁਲਜ਼ਮ ਚਵਾਨੀ ਨੂੰ ਢੇਰ ਕਰ ਦਿੱਤਾ। ਮਸ਼ਹੂਰ ਅਪਰਾਧੀ ਸੁਮਿਤ ਕੁਮਾਰ ਉਰਫ ਮੋਨੂੰ ਚਵਾਨੀ STF ਅਤੇ SOG ਦੀ ਸਾਂਝੀ ਕਾਰਵਾਈ 'ਚ ਮਾਰਿਆ ਗਿਆ ਹੈ। ਜੌਨਪੁਰ, ਗਾਜ਼ੀਪੁਰ, ਬਲੀਆ, ਮਊ ਸਮੇਤ ਬਿਹਾਰ ਵਿੱਚ ਚਵਾਨੀ ਖ਼ਿਲਾਫ਼ ਕੁੱਲ 23 ਕੇਸ ਦਰਜ ਕੀਤੇ ਗਏ ਸਨ। ਉਸ 'ਤੇ ਕਤਲ ਦੇ ਵੀ ਕਈ ਦੋਸ਼ ਸਨ। ਬਦਮਾਸ਼ ਕੋਲੋਂ AK47 ਰਾਈਫਲ ਅਤੇ 9mm ਪਿਸਟਲ ਬਰਾਮਦ ਹੋਈ ਹੈ।
ਜਾਣਕਾਰੀ ਅਨੁਸਾਰ ਬਦਲਾਪੁਰ ਦੀ ਪੀਲੀ ਨਦੀ ਨੇੜੇ ਜਦੋਂ ਐੱਸ. ਟੀ. ਐੱਫ. ਨੇ ਬਦਮਾਸ਼ ਚਵਾਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਟੀਮ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਐੱਸ. ਟੀ. ਐੱਫ. ਦੇ ਜਵਾਨਾਂ ਨੇ ਵੀ ਸਵੈ-ਰੱਖਿਆ 'ਚ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਚਵਾਨੀ ਦੇ ਗੋਲੀ ਵੱਜ ਗਈ। ਇਸ ਤੋਂ ਬਾਅਦ ਪੁਲਸ ਜ਼ਖਮੀਂ ਹੋਏ ਚਵਾਨੀ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਫਿਆ ਲਈ ਕੰਮ ਕਰ ਚੁੱਕੈ ਚਵਾਨੀ
ਜਾਣਕਾਰੀ ਮੁਤਾਬਕ ਮੋਨੂੰ ਚਵਾਨੀ ਪੈਸੇ ਲੈ ਕੇ ਕਤਲ ਕਰਨ ਤੋਂ ਇਲਾਵਾ ਬਿਹਾਰ ਦੇ ਚਰਚਿਤ ਮਾਫਿਆ ਸ਼ਾਹਬੂਦੀਨ ਤੇ ਹੋਰ ਗੈਂਗਸ ਲਈ ਕੰਮ ਕਰ ਚੁੱਕਾ ਹੈ। ਰਿਪੋਰਟਾਂ ਮੁਤਾਬਕ ਚਵਾਨੀ 1 ਲੱਖ ਰੁਪਏ ਦਾ ਇਨਾਮੀ ਅਪਰਾਧੀ ਸੀ, ਉਸ 'ਤੇ 2 ਦਰਜਨ ਤੋਂ ਵੱਧ ਕੇਸ ਦਰਜ਼ ਸਨ।