ਰਾਸ਼ਨ ਕਾਰਡ ਧਾਰਕਾਂ ਨਾਲ ਜੁੜੀ ਅਹਿਮ ਖ਼ਬਰ! ਵੱਧ ਸਕਦੀ ਹੈ ਪ੍ਰੇਸ਼ਾਨੀ, ਇਨ੍ਹਾਂ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ

Tuesday, Jan 20, 2026 - 12:28 PM (IST)

ਰਾਸ਼ਨ ਕਾਰਡ ਧਾਰਕਾਂ ਨਾਲ ਜੁੜੀ ਅਹਿਮ ਖ਼ਬਰ! ਵੱਧ ਸਕਦੀ ਹੈ ਪ੍ਰੇਸ਼ਾਨੀ, ਇਨ੍ਹਾਂ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ

ਲੁਧਿਆਣਾ (ਖੁਰਾਣਾ)- ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਪਿਛਲੇ ਕੁਝ ਸਮੇਂ ਦੌਰਾਨ ਲੁਧਿਆਣਾ ਜ਼ਿਲੇ ਨਾਲ ਸਬੰਧਤ ਈਸਟ ਤੇ ਵੈਸਟ ਸਰਕਲ ਤਹਿਤ ਪੈਂਦੇ 4 ਵੱਖ-ਵੱਖ ਰਾਸ਼ਨ ਡਿਪੂਆਂ ’ਤੇ ਅਨਾਜ ਦੀ ਸਪਲਾਈ ਰੱਦ ਕਰ ਦਿੱਤੀ ਗਈ ਹੈ, ਜਦੋਂਕਿ ਇਸ ਦੌਰਾਨ 5 ਰਾਸ਼ਨ ਡਿਪੂ ਹੋਲਡਰਾਂ ਵਲੋਂ ਵਿਭਾਗ ਨੂੰ ਅਸਤੀਫੇ ਸੌਂਪ ਦਿੱਤੇ ਗਏ ਹਨ।

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਈਸਟ ਸਰਕਲ ਵਿਚ 3 ਤਾਂ ਵੈਸਟ ਸਰਕਲ ਵਿਚ 1 ਡਿਪੂ ’ਤੇ ਅਨਾਜ ਦੀ ਸਪਲਾਈ ਰੱਦ ਕੀਤੀ ਗਈ ਹੈ ਤਾਂ ਨਾਲ ਹੀ ਵਿਭਾਗ ਨੂੰ ਆਪਣੇ ਅਸਤੀਫੇ ਸੌਂਪਣੇ ਵਾਲੇ ਸਾਰੇ ਡਿਪੂ ਹੋਲਡਰ ਈਸਟ ਸਰਕਲ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਡਿਪੂ ਹੋਲਡਰਾਂ ਵਲੋਂ ਇੰਨੀ ਵੱਡੀ ਗਿਣਤੀ ਵਿਚ ਅਸਤੀਫੇ ਸੌਂਪਣਾ ਚਿੰਤਾ ਦਾ ਵਿਸ਼ਾ ਹੈ, ਜੋ ਕਿ ਇਹ ਸਾਬਿਤ ਕਰਦਾ ਹੈ ਕਿ ਹੁਣ ਲੋਕਾਂ ਦਾ ਰਾਸ਼ਨ ਡਿਪੂ ਚਲਾਉਣ ਪ੍ਰਤੀ ਦਿਲਚਸਪੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਇਸ ਦਾ ਇਕ ਮੁੱਖ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਡਿਪੂ ਮਾਲਕਾਂ ਨੂੰ ਕਣਕ ਵੰਡਣ ਬਦਲੇ ਦਿੱਤੀ ਜਾ ਰਹੀ ਕਮੀਸ਼ਨ ਰਾਸ਼ੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਹੈ। ਇਸ ਮੰਗ ਨੂੰ ਲੈ ਕੇ ਪੰਜਾਬ ਦੇ ਡਿਪੂ ਹੋਲਡਰਾਂ ਵੱਲੋਂ ਕਈ ਵਾਰ ਸਰਕਾਰ ਦੇ ਖਿਲਾਫ ਸੰਘਰਸ਼ ਛੇੜਨ ਸਮੇਤ ਧਰਨੇ ਪ੍ਰਦਰਸ਼ਨ ਤੱਕ ਵੀ ਕੀਤੇ ਗਏ ਹਨ।

ਡਿਪੂ ਹੋਲਡਰਾਂ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕੀ ਤਨਖਾਹ ਦਿੱਤੀ ਜਾਵੇ, ਤਾਂ ਕਿ ਅੱਗ ਉਗਲਦੀ ਮਹਿੰਗਾਈ ਦੇ ਇਸ ਦੌਰ ਵਿਚ ਉਹ ਆਪਣੇ ਪਰਿਵਾਰਾਂ ਦਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਾਲਣ-ਪੋਸ਼ਣ ਕਰ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਡਿਪੂ ਹੋਲਡਰਾਂ ਨੂੰ 18,000 ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਉੱਥੇ ਹੀ ਦਿੱਲੀ ਵਿਚ 200 ਰੁ. ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਜਦੋਂਕਿ ਪੰਜਾਬ ਵਿਚ ਡਿਪੂ ਹੋਲਡਰਾਂ ਨੂੰ ਕਣਕ ਵੰਡਣ ਬਦਲੇ ਕੇਵਲ 90 ਰੁ. ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਾਰਜ਼ਨ ਮਨੀ ਦਿੱਤੀ ਜਾ ਰਹੀ ਹੈ।

ਡਿਪੂ ਹੋਲਡਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਗਏ ਹਨ ਕਿ ਉਹ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਸਮੇਤ ਬੱਚਿਆਂ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ ਕਿ ਇੰਨੀ ਘੱਟ ਕਮਾਈ ’ਚ ਉਨ੍ਹਾਂ ਨੂੰ ਰੋਜ਼ਾਨਾ ਆਪਣੇ ਬੱਚਿਆਂ ਦੇ ਸੁਪਨੇ ਮਾਰਨ ਸਮੇਤ ਇੱਛਾਵਾਂ ਦਾ ਵੀ ਗਲਾ ਘੁੱਟਣਾ ਪੈ ਰਿਹਾ ਹੈ। ਅਜਿਹੇ ਵਿਚ ਉਨ੍ਹਾਂ ਕੋਲ ਸਰਕਾਰ ਨੂੰ ਆਪਣੇ ਡਿਪੂਆਂ ਦੇ ਅਸਤੀਫੇ ਵਾਪਸ ਸੌਂਪਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਦਾ ਹੈ।
 


author

Anmol Tagra

Content Editor

Related News