ਥਾਣਿਆਂ ਦੇ ਬਾਹਰ ਕਬਾੜ ਬਣ ਰਹੇ ਵਾਹਨਾਂ ਤੋਂ ਮਿਲੇਗੀ ''ਮੁਕਤੀ'', ਨੂਰਪੁਰ ਬੇਟ ''ਚ ਬਣਿਆ ਲੁਧਿਆਣੇ ਦਾ ''ਮਾਲਖਾਨਾ''

Tuesday, Mar 03, 2026 - 12:38 PM (IST)

ਥਾਣਿਆਂ ਦੇ ਬਾਹਰ ਕਬਾੜ ਬਣ ਰਹੇ ਵਾਹਨਾਂ ਤੋਂ ਮਿਲੇਗੀ ''ਮੁਕਤੀ'', ਨੂਰਪੁਰ ਬੇਟ ''ਚ ਬਣਿਆ ਲੁਧਿਆਣੇ ਦਾ ''ਮਾਲਖਾਨਾ''

ਲੁਧਿਆਣਾ (ਰਾਜ): ਮਹਾਨਗਰ ਦੀਆਂ ਸੜਕਾਂ ਅਤੇ ਪੁਲਸ ਥਾਣਿਆਂ ਦੇ ਬਾਹਰ ਵਰ੍ਹਿਆਂ ਤੋਂ ਧੂੜ ਫੱਕ ਰਹੇ ਅਤੇ ਕਬਾੜ ਬਣ ਚੁੱਕੇ ਜ਼ਬਤ ਵਾਹਨਾਂ ਦੀ ਸਮੱਸਿਆ ਦਾ ਹੁਣ ਪੱਕਾ ਹੱਲ ਹੋ ਗਿਆ ਹੈ। ਲੁਧਿਆਣਾ ਨਗਰ ਨਿਗਮ ਨੇ ਪੁਲਸ ਪ੍ਰਸ਼ਾਸਨ ਨੂੰ ਨੂਰਪੁਰ ਬੇਟ ਇਲਾਕੇ ਵਿਚ 9680 ਗਜ਼ ਦੀ ਵਿਸ਼ਾਲ ਭੂਮੀ ਉਪਲਬਧ ਕਰਵਾਈ ਹੈ, ਜਿੱਥੇ ਸ਼ਹਿਰ ਦਾ ਸਭ ਤੋਂ ਵੱਡਾ ਪੁਲਸ ਮਾਲਖਾਨਾ (ਵਹੀਕਲ ਯਾਰਡ) ਤਿਆਰ ਕੀਤਾ ਗਿਆ ਹੈ। ਇਸ ਕਦਮ ਨਾਲ ਨਾ ਸਿਰਫ਼ ਥਾਣਿਆਂ ਦੀ ਸੂਰਤ ਬਦਲੇਗੀ, ਸਗੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਅਤੇ ਸਾਫ਼-ਸਫ਼ਾਈ ਵਿਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।

PunjabKesari

ਇਹ ਵਿਸ਼ਾਲ ਯਾਰਡ ਨੂਰਪੁਰ ਬੇਟ ਵਿਚ ਨਗਰ ਨਿਗਮ ਦੀ ਕਰੀਬ 48,400 ਗਜ਼ ਖਾਲੀ ਪਈ ਜ਼ਮੀਨ ਦਾ ਇਕ ਹਿੱਸਾ ਹੈ, ਜੋ ਪਹਿਲਾਂ ਐਨੀਮਲ ਕਾਰਕਸ ਪਲਾਂਟ ਦੇ ਕੋਲ ਸਥਿਤ ਸੀ। ਇਸ ਯੋਜਨਾ ਦਾ ਮੁੱਖ ਉਦੇਸ਼ ਸੜਕਾਂ ਦੇ ਕਿਨਾਰੇ ਖੜ੍ਹੇ ਨਾਜਾਇਜ਼ ਕਬਜ਼ਿਆਂ ਅਤੇ ਜ਼ਬਤ ਵਾਹਨਾਂ ਕਾਰਨ ਲੱਗਣ ਵਾਲੇ ਜਾਮ ਤੋਂ ਜਨਤਾ ਨੂੰ ਨਿਜਾਤ ਦਿਵਾਉਣਾ ਹੈ। ਹੁਣ ਸ਼ਹਿਰ ਦੇ ਚਾਰੇ ਜ਼ੋਨਾਂ ਅਧੀਨ ਆਉਣ ਵਾਲੇ ਸਾਰੇ 28 ਥਾਣਿਆਂ ਦੇ ਲਾਵਾਰਿਸ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਫਸੇ ਵਾਹਨਾਂ ਨੂੰ ਇਸੇ ਸੁਰੱਖਿਅਤ ਸਥਾਨ 'ਤੇ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਇਸ ਨਵੇਂ ਯਾਰਡ ਵਿਚ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਹਰ ਥਾਣੇ ਲਈ ਅਲੱਗ-ਅਲੱਗ ਬਲਾਕ ਬਣਾਏ ਗਏ ਹਨ ਅਤੇ ਉੱਥੇ ਬਾਕਾਇਦਾ ਥਾਣਿਆਂ ਦੇ ਨਾਮ ਦੇ ਬੋਰਡ ਵੀ ਲਗਾਏ ਗਏ ਹਨ। ਪਿਛਲੇ ਕੁਝ ਹੀ ਦਿਨਾਂ ਦੇ ਅੰਦਰ ਵੱਖ-ਵੱਖ ਥਾਣਿਆਂ ਤੋਂ ਲਗਭਗ 1500 ਵਾਹਨ ਇੱਥੇ ਸ਼ਿਫਟ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਬਚੇ ਵਾਹਨਾਂ ਨੂੰ ਵੀ ਜਲਦ ਹੀ ਇੱਥੇ ਪਹੁੰਚਾ ਦਿੱਤਾ ਜਾਵੇਗਾ। ਨਗਰ ਨਿਗਮ ਵੱਲੋਂ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਗਿਆ ਹੈ, ਜਿਸ ਵਿਚ ਮਜ਼ਬੂਤ ਗੇਟ, ਚਾਰੋਂ ਪਾਸੇ ਫੈਂਸਿੰਗ ਅਤੇ ਰਾਤ ਦੇ ਸਮੇਂ ਨਿਗਰਾਨੀ ਲਈ ਹਾਈ-ਮਾਸਟ ਲਾਈਟਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। 

ਡੀ.ਸੀ.ਪੀ. ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਇਹ ਪੂਰਾ ਯਾਰਡ ਹੁਣ ਆਧੁਨਿਕ ਤਕਨੀਕ ਨਾਲ ਲੈਸ ਹੈ। ਵਾਹਨਾਂ ਦੀ ਸੁਰੱਖਿਆ ਲਈ ਇੱਥੇ 16 ਹਾਈ-ਡੈਫੀਨੀਸ਼ਨ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਪੁਲਿਸ ਕਰਮੀਆਂ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਈ ਗਈ ਹੈ। ਇਸ ਕਦਮ ਤੋਂ ਬਾਅੂਦ ਹੁਣ ਥਾਣਿਆਂ ਦੇ ਬਾਹਰ ਦੀਆਂ ਸੜਕਾਂ ਚੌੜੀਆਂ ਨਜ਼ਰ ਆਉਣਗੀਆਂ ਅਤੇ ਲੰਬੇ ਸਮੇਂ ਤੋਂ ਖੜ੍ਹੀਆਂ ਗੱਡੀਆਂ ਕਾਰਨ ਪੈਦਾ ਹੋਣ ਵਾਲੀ ਗੰਦਗੀ ਅਤੇ ਬੀਮਾਰੀਆਂ ਦੇ ਖ਼ਤਰੇ ਤੋਂ ਵੀ ਮੁਹੱਲਾ ਨਿਵਾਸੀਆਂ ਨੂੰ ਰਾਹਤ ਮਿਲੇਗੀ। ਪੁਲਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਹਰ ਸੜਕ ਤੋਂ ਜ਼ਬਤ ਵਾਹਨਾਂ ਨੂੰ ਹਟਾ ਕੇ ਇੱਥੇ ਸੁਰੱਖਿਅਤ ਪਹੁੰਚਾ ਦਿੱਤਾ ਜਾਵੇਗਾ।


author

Anmol Tagra

Content Editor

Related News