ਪੰਜਾਬ ਦੇ 38 ਲੱਖ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਹੋ ਗਿਆ ਵੱਡਾ ਐਲਾਨ
Wednesday, Feb 18, 2026 - 10:55 AM (IST)
ਲੁਧਿਆਣਾ (ਖੁਰਾਣਾ) : 'ਜਗ ਬਾਣੀ' ਵੱਲੋਂ ਬੀਤੀ 6 ਫਰਵਰੀ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖ਼ਬਰ ‘ਪੰਜਾਬ ਵਿਚ ਸਰਕਾਰੀ ਕਣਕ ਦੀ ਐਲੋਕੇਸ਼ਨ ਨਾ ਹੋਣ ਕਾਰਨ 38 ਲੱਖ ਪਰਿਵਾਰਾਂ ਨੂੰ ਉਨ੍ਹਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਸਤਾ ਰਿਹਾ ਡਰ’ ਮਾਮਲੇ ਵਿਚ ਸਰਕਾਰ ਦੀ ਹੋਈ ਜੰਮ ਕੇ ਕਿਰਕਿਰੀ ਤੋਂ ਬਾਅਦ ਆਖਿਰਕਾਰ ਹਰਕਤ ਵਿਚ ਆਏ ਖੁਰਾਕ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ 38 ਲੱਖ ਪਰਿਵਾਰਾਂ ਦੇ 1.57 ਕਰੋੜ ਲੋਕਾਂ ਲਈ ਮੁਫਤ ਕਣਕ ਦਾ ਕੋਟਾ ਜਾਰੀ ਕਰ ਦਿੱਤਾ ਗਿਆ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਭਰ ਵਿਚ 18000 ਦੇ ਕਰੀਬ ਰਾਸ਼ਨ ਡਿਪੂਆਂ ਜ਼ਰੀਏ 38 ਲੱਖ ਰਾਸ਼ਨ ਕਾਰਡਧਾਰੀ ਪਰਿਵਾਰਾਂ ਨੂੰ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ ਤਿੰਨ ਮਹੀਨਿਆਂ ਦੀ ਮੁਫਤ ਕਣਕ ਦਾ ਲਾਭ ਤੈਅ ਸਮੇਂ ‘ਤੇ ਨਾ ਮਿਲਣ ਕਾਰਨ ਆਮ ਜਨਤਾ ਵਿਚ ਦੁਵਿਧਾ ਲਗਾਤਾਰ ਵਧਦੀ ਜਾ ਰਹੀ ਸੀ ਕਿ ਸਰਕਾਰ ਵੱਲੋਂ ਲੱਖਾਂ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿਚ ਪਤਾ ਨਹੀਂ ਦੇਰ ਕਿਉਂ ਕੀਤੀ ਜਾ ਰਹੀ ਹੈ ਜਿਸ ਸਬੰਧੀ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਜ਼ੋਰ ਫੜਨ ਲੱਗੀਆਂ ਸਨ।
ਇਹ ਵੀ ਪੜ੍ਹੋ : ਕਿਹੜੀ ਪਾਰਟੀ 'ਚ ਜਾਣਗੇ ਡੇਰਾ ਬਿਆਸ ਮੁਖੀ, ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਰ 'ਤਾ ਵੱਡਾ ਖ਼ੁਲਾਸਾ
ਕਾਬਿਲੇਗੌਰ ਹੈ ਕਿ ਸੂਬੇ ਭਰ ਵਿਚ ਜ਼ਿਆਦਾਤਰ ਗਰੀਬ ਅਤੇ ਲੋੜਵੰਦ ਪਰਿਵਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਮੁਫਤ ਅਨਾਜ ਸੇਵਾ ’ਤੇ ਨਿਰਭਰ ਰਹਿੰਦੇ ਹਨ। ਜਨਵਰੀ ਦੇ ਸ਼ੁਰੂਆਤੀ ਦਿਨਾਂ ਵਿਚ ਖੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਦੀ ਵੰਡ ਦਾ ਕੰਮ ਨਾ ਨਿਪਟਾਉਣ ਕਾਰਨ ਪੰਜਾਬ ਭਰ ਦੇ ਰਾਸ਼ਨ ਡਿਪੂਆਂ ’ਤੇ ਕਣਕ ਨਹੀਂ ਪਹੁੰਚ ਸਕੀ ਜਿਸ ਕਾਰਨ ਯੋਜਨਾ ਨਾਲ ਜੁੜੇ ਪਰਿਵਾਰਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਲਗਾਤਾਰ ਵਹਿਣ ਲੱਗੀਆਂ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਡਰ ਸਤਾਉਣ ਲੱਗਾ। ਕਣਕ ਦਾ ਲਾਭ ਨਾ ਮਿਲਦੇ ਹੋਏ ਦੇਖ ਦੇ ਲੋਕ ਰਾਸ਼ਨ ਡਿਪੂਆਂ ’ਤੇ ਗੇੜੇ ਕੱਢ-ਕੱਢ ਕੇ ਆਪਣੀਆਂ ਚੱਪਲਾਂ ਘਿਸਾਉਣ ਲੱਗੇ ਸਨ। ਲੋਕਾਂ ਦੀ ਉਕਤ ਪ੍ਰੇਸ਼ਾਨੀ ਨੂੰ ਦੇਖਦੇ ਹੋਏ 'ਜਗ ਬਾਣੀ' ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖ਼ਬਰ ਵਿਚ ਜ਼ਿਕਰ ਕੀਤਾ ਗਿਆ ਕਿ ਰਾਸ਼ਨ ਡਿਪੂਆਂ ’ਤੇ ਗੇੜੇ ਕੱਢ ਰਹੀਆਂ ਔਰਤਾਂ ਸਬੰਧੀ ਡਿਪੂ ਹੋਲਡਰਾਂ ਸਮੇਤ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਵਾਲ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਹਿੱਸੇ ਦੀ ਕਣਕ ਆਖਰ ਕਦੋਂ ਆਵੇਗੀ?
ਇਹ ਵੀ ਪੜ੍ਹੋ : CM ਮਾਨ ਨੂੰ ਹਟਾਉਣ ਦੀ ਤਿਆਰੀ! ਸਿਆਸੀ ਵੈਂਟੀਲੇਟਰ ਬਣਿਆ ਫੋਰਟਿਸ, ਅਕਾਲੀ ਦਲ ਨੇ ਚੁੱਕੇ ਸਵਾਲ
ਓ.ਟੀ.ਪੀ. ਸਿਸਟਮ ਕੀਤਾ ਬੰਦ
ਇਸ ਦੌਰਾਨ ਇਕ ਅਹਿਮ ਜਾਣਕਾਰੀ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਸਰਕਾਰ ਵੱਲੋਂ ਰਾਸ਼ਨ ਕਾਰਡਧਾਰੀਆਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਣਕ ਵਿਚ ਓ.ਟੀ. ਪੀ. ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਜਿਸ ਦਾ ਸਿੱਧਾ ਨੁਕਸਾਨ ਫਰਜ਼ੀਵਾੜੇ ਦੇ ਤਹਿਤ ਮੁਫਤ ਕਣਕ ਪ੍ਰਾਪਤ ਕਰ ਰਹੇ ਅਯੋਗ ਅਤੇ ਸੰਪੰਨ ਪਰਿਵਾਰਾਂ ਨੂੰ ਹੋਵੇਗਾ ਜੋ ਕਿ ਗਰੀਬ ਪਰਿਵਾਰਾਂ ਦੇ ਹੱਕਾਂ ’ਤੇ ਡਾਕਾ ਮਾਰਦੇ ਘਰ ਬੈਠੇ ਹੀ ਓ.ਟੀ.ਪੀ. ਕੋਡ ਦੇ ਸਹਾਰੇ ਹਰ ਵਾਰ ਵੱਡੇ ਪੱਧਰ ’ਤੇ ਕਣਕ ਹਜਮ ਕਰਨ ਦੀਆਂ ਗੰਦੀਆਂ ਚਾਲਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ।
ਇਹ ਵੀ ਪੜ੍ਹੋ : ਬਿਜਲੀ ਵਾਲੇ ਪ੍ਰੀ-ਪੇਡ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, PSPCL ਨੇ ਜਾਰੀ ਕੀਤਾ ਨੋਟਿਸ
ਰਾਸ਼ਨ ਕਾਰਡ ਵਿਚ ਦਰਜ ਹਰ ਮੈਂਬਰ ਨੂੰ ਮਿਲੇਗੀ 15 ਕਿਲੋ ਮੁਫਤ ਕਣਕ
ਯੋਜਨਾ ਦੇ ਮੁਤਾਬਕ ਰਾਸ਼ਨ ਕਾਰਡ ਵਿਚ ਦਰਜ ਹਰ ਮੈਂਬਰ ਨੂੰ ਹਰ ਮਹੀਨੇ ਦੀ 5 ਕਿਲੋ ਕਣਕ ਦੇ ਹਿਸਾਬ ਨਾਲ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ ਤਿੰਨ ਮਹੀਨਿਆਂ ਦੀ 15 ਕਿਲੋ ਕਣਕ ਬਿਲਕੁਲ ਮੁਫਤ ਮਿਲੇਗੀ। ਅਜਿਹੇ ਵਿਚ ਕੋਈ ਡਿਪੂ ਹੋਲਡਰ ਲਾਭਪਾਤਰ ਪਰਿਵਾਰਾਂ ਦੇ ਹਿੱਸੇ ਦੀ ਕਣਕ ਦੀ ਚੋਰੀ ਜਾਂ ਘੱਟ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਬੰਧਤ ਡਿਪੂ ਹੋਲਡਰ ਖਿਲਾਫ ਮੌਕੇ ’ਤੇ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਕੰਟ੍ਰੋਲਰ ਸਰਤਾਜ ਸਿੰਘ ਚੀਮਾ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਕੰਟਰੋਲਰ ਚੀਮਾ ਦਾ ਕਹਿਣਾ ਹੈ ਕਿ ਡਿਪੂ ਹੋਲਡਰ ਖਿਲਾਫ ਮੌਕੇ ’ਤੇ ਹੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਣਕ ਵੰਡਣ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ! ਪੰਜਾਬ ਵਾਸੀਆਂ ਲੱਗ ਸਕਦੈ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
