ਪੰਜਾਬ: 3 ਦਿਨਾਂ ''ਚ 5 ਕੁੜੀਆਂ ਲਾਪਤਾ, ਪੇਪਰ ਦੇਣ ਗਈਆਂ ਵਿਦਿਆਰਥਣਾਂ ਦੀ ਨਹੀਂ ਲੱਗੀ ਉੱਘ-ਸੁੱਘ

Thursday, Feb 26, 2026 - 05:49 PM (IST)

ਪੰਜਾਬ: 3 ਦਿਨਾਂ ''ਚ 5 ਕੁੜੀਆਂ ਲਾਪਤਾ, ਪੇਪਰ ਦੇਣ ਗਈਆਂ ਵਿਦਿਆਰਥਣਾਂ ਦੀ ਨਹੀਂ ਲੱਗੀ ਉੱਘ-ਸੁੱਘ

ਲੁਧਿਆਣਾ (ਵੈੱਬ ਡੈਸਕ): ਪੰਜਾਬ ਵਿਚ ਪਿਛਲੇ ਤਿੰਨ ਦਿਨਾਂ ਦੇ ਅੰਦਰ 5 ਨਾਬਾਲਗ ਕੁੜੀਆਂ ਲਾਪਤਾ ਹੋ ਗਈਆਂ ਹਨ ਤੇ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਲੱਗ ਰਹੀ। ਪਹਿਲਾਂ ਜਲੰਧਰ ਦੇ ਸੁੰਦਰ ਨਗਰ ਇਲਾਕੇ ਤੋਂ 3 ਕੁੜੀਆਂ ਲਾਪਤਾ ਹੋਈਆਂ ਸਨ ਤੇ ਹੁਣ ਲੁਧਿਆਣਾ ਤੋਂ 2 ਹੋਰ ਨਾਬਾਲਗ ਕੁੜੀਆਂ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਈਆਂ ਹਨ। ਇਹ ਦੋਵੇਂ ਸਹੇਲੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ ਤੇ ਬੁੱਧਵਾਰ ਨੂੰ ਪ੍ਰੀਖਿਆ ਦੇਣ ਲਈ ਸਕੂਲ ਗਈਆਂ ਸਨ ਪਰ ਵਾਪਸ ਘਰ ਨਹੀਂ ਪਰਤੀਆਂ। 

ਕੁਝ ਮੀਡੀਆ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ ਪ੍ਰੀਖਿਆ ਦੇਣ ਮਗਰੋਂ ਆਪਣੇ ਇਕ ਦੋਸਤ ਘਰ ਗਈਆਂ ਤੇ ਸਕੂਲ ਦੀ ਵਰਦੀ ਬਦਲ ਕੇ ਆਮ ਕੱਪੜੇ ਪਾਏ ਤੇ ਫ਼ਿਰ ਕਿੱਧਰੇ ਚਲੀਆਂ ਗਈਆਂ। ਬੱਚੀਆਂ ਦੇ ਪਰਿਵਾਰਾਂ ਵੱਲੋਂ ਪਹਿਲਾਂ ਆਪਣੇ ਪੱਧਰ 'ਤੇ ਕੁੜੀਆਂ ਦੀ ਭਾਲ ਕੀਤੀ ਗਈ ਤੇ ਜਦੋਂ ਕੋਈ ਉੱਘ-ਸੁੱਘ ਨਾ ਮਿਲੀ ਤਾਂ ਉਨ੍ਹਾਂ ਵੱਲੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। 

ਥਾਣਾ ਡਵੀਜ਼ਨ ਨੰਬਰ 6 ਦੇ ਐੱਸ. ਐੱਚ.ਓ. ਮੁਤਾਬਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਕੁੜੀਆਂ ਨਾਬਾਲਗ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਬੱਚੀਆਂ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇੱਥੇ ਦੱਸ ਦਈਏ ਕਿ ਸੋਮਵਾਰ ਸ਼ਾਮ ਨੂੰ ਜਲੰਧਰ ਦੇ ਸੁੰਦਰ ਨਗਰ ਇਲਾਕੇ ਵਿਚੋਂ ਤਿੰਨ ਨਾਬਾਲਗ ਕੁੜੀਆਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ ਸਨ। ਲਾਪਤਾ ਹੋਈਆਂ ਕੁੜੀਆਂ ਵਿਚ ਦੋ ਸਕੀਆਂ ਭੈਣਾਂ ਜਿਨ੍ਹਾਂ ਦੀ ਉਮਰ 12 ਅਤੇ 13 ਸਾਲ ਦੱਸੀ ਜਾ ਰਹੀ ਹੈ, ਜਦਕਿ ਤੀਜੀ ਕੁੜੀ ਉਨ੍ਹਾਂ ਦੀ ਸਹੇਲੀ ਹੈ, ਜਿਸ ਦੀ ਉਮਰ 16 ਹੈ। ਕੁੜੀਆਂ ਦਾ ਲਾਪਤਾ ਹੋਣ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਰਿਵਾਰ ਸ਼ਾਮ ਨੂੰ ਕੰਮ ਤੋਂ ਘਰ ਆਇਆ। ਪਰਿਵਾਰ ਵੱਲੋਂ ਪਹਿਲਾਂ ਆਪਣੇ ਪੱਧਰ 'ਤੇ ਇਲਾਕੇ ਵਿਚ ਕੁੜੀਆਂ ਦੀ ਭਾਲ ਕੀਤੀ ਗਈ ਪਰ ਜਦੋਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਉਚ ਅਧਿਕਾਰੀ ਅਤੇ ਥਾਣਾ 8 ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
 


author

Anmol Tagra

Content Editor

Related News