ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ, ''ਆਪ'' ''ਚ ਬਗਾਵਤ ਦਾ ਖ਼ਤਰਾ! ਕਈ ਵਿਧਾਇਕਾਂ ਦੀ ਹੋ ਸਕਦੀ ''ਛੁੱਟੀ''
Saturday, Feb 21, 2026 - 04:33 PM (IST)
ਲੁਧਿਆਣਾ (ਵਿਸ਼ੇਸ਼): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਬਗਾਵਤ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿਸ ਦੇ ਸੰਕੇਤ ਇਸ ਪ੍ਰਕਿਰਿਆ ਤੋਂ ਮਿਲੇ ਹਨ, ਜਿਸ ਵਿਚ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰ ਕੇ ਦਿੱਲੀ ਟੀਮ ਜ਼ਰੀਏ ਡਿਟੇਲ ਜੁਟਾਈ ਜਾ ਰਹੀ ਹੈ। ਜੇਕਰ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਕਰੀਏ ਤਾਂ ਕਿਸੇ ਵੀ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੇ ਵੱਡੇ ਪੱਧਰ 'ਤੇ ਪਾਰਟੀਆਂ ਬਦਲਣ ਦੀ ਰਵਾਇਤ ਚੱਲ ਰਹੀ ਹੈ। ਇਹੀ ਹਾਲਾਤ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫ਼ਿਰ ਆਮ ਆਦਮੀ ਪਾਰਟੀ ਦੇ ਸਾਹਮਣੇ ਪੈਦਾ ਹੋਣ ਵਾਲੇ ਹਨ, ਕਿਉਂਕਿ ਆਮ ਆਦਮੀ ਪਾਰਟੀ ਦੀ ਪਤਲੀ ਹਾਲਤ ਨੂੰ ਧਿਆਨ ਰੱਖਦੇ ਹੋਏ ਕਈ ਵਿਧਾਇਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਾਂ ਰਾਹ ਲੱਭ ਰਹੇ ਹਨ।
ਇਨ੍ਹਾਂ ਵਿਚ ਲੁਧਿਆਣਾ ਦੇ ਦੋ ਸ਼ਹਿਰੀ ਵਿਧਾਇਕਾਂ ਦੇ ਨਾਂ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ, ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਤੋਂ ਹੀ ਕਾਂਗਰਸ ਜਾਂ ਭਾਜਪਾ ਦੇ ਸੰਪਰਕ ਵਿਚ ਹਨ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਵੀ ਬਗਾਵਤ ਨਾਲ ਨਜਿੱਠਣ ਲਈ ਦੂਜੇ ਬਦਲਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਐਕਟਿਵ ਵਰਕਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ।
ਇਸ ਕੰਮ ਲਈ ਵਿਧਾਇਕਆਂ ਨੂੰ ਸਾਈਡਲਾਈਨ ਕਰ ਕੇ ਦਿੱਲੀ ਟੀਮ ਨੂੰ ਲਗਾਇਆ ਗਿਆ ਹੈ। ਜਿਸ ਦਿੱਲੀ ਟੀਮ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੰਮਕਾਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦੇ ਦੋਸ਼ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਲਗਾਇਆ ਜਾ ਰਿਹਾ ਹੈ।
ਕਈਆਂ ਦੀ ਟਿਕਟ ਬਦਲਣ ਤੋਂ ਕੱਟਣ ਤਕ ਦੀ ਚਰਚਾ
ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਵਿਧਾਇਕਾਂ ਦੀ ਟਿਕਟ ਬਦਲਣ ਤੋਂ ਲੈ ਕੇ ਕੱਟਣ ਤਕ ਦੀ ਚਰਚਾ ਹੋ ਰਹੀ ਹੈ। ਇਨ੍ਹਾਂ ਵਿਚ ਮੁੱਖ ਤੌਰ 'ਤੇ ਉਹ ਵਿਧਾਇਕ ਸ਼ਾਮਲ ਹਨ, ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ ਜਾਂ ਉਨ੍ਹਾਂ ਨਾਲ ਜੁੜੇ ਵਿਵਾਦ ਸਾਹਮਣੇ ਆਏ ਹਨ, ਇਸ ਸਬੰਧੀ ਫੀਡਬੈਕ ਆਮ ਆਦਮੀ ਪਾਰਟੀ ਕੋਲ ਪਹੁੰਚਿਆ ਹੈ ਤੇ ਵੱਖਰਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਜਿਸ ਦੇ ਅਧਾਰ 'ਤੇ ਪਬਲਿਕ ਦੇ ਨੈਗੇਟਿਵ ਰਿਸਪਾਂਸ ਵਾਲੇ ਵਿਧਾਇਕਾਂ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ।
