ਅੰਬਾਲਾ-ਚੰਡੀਗੜ੍ਹ ਦੇ ਨਵੇਂ ਰੇਲਵੇ ਟਰੈਕ ਦੀ ਅਲਟ੍ਰਾਸੋਨਿਕ ਫਲਾ ਡਿਟੈਕਸ਼ਨ ਮਸ਼ੀਨ ਨਾਲ ਹੋਵੇਗੀ ਟੈਸਟਿੰਗ

Monday, Dec 11, 2017 - 08:02 AM (IST)

ਚੰਡੀਗੜ੍ਹ  (ਲਲਨ) - ਅੰਬਾਲਾ-ਚੰਡੀਗੜ੍ਹ ਵਿਚਕਾਰ ਬਣੇ 45.16 ਕਿਲੋਮੀਟਰ ਦੇ ਰੇਲਵੇ ਟਰੈਕ ਨੂੰ ਹੁਣ ਰੇਲਵੇ ਵਿਭਾਗ ਵਲੋਂ ਅਲਟ੍ਰਾਸੋਨਿਕ ਫਲਾ ਡਿਟੈਕਸ਼ਨ (ਯੂ. ਐੱਸ. ਐੱਫ. ਡੀ.) ਮਸ਼ੀਨ ਦੀ ਟੈਸਟਿੰਗ ਤੋਂ ਬਾਅਦ ਹੀ ਇਸ 'ਤੇ ਤੇਜਸ ਚਲਾਉਣ ਦੀ ਇਜਾਜ਼ਤ ਦਿੱਤੀ ਜਾਏਗੀ। ਰੇਲਵੇ ਵਲੋਂ ਨਵੇਂ ਯੰਤਰ ਦੀ ਵੀ ਖੋਜ ਕੀਤੀ ਜਾ ਚੁੱਕੀ ਹੈ, ਜੋ ਟਰੈਕ ਵਿਚਕਾਰਲੇ ਮਾਮੂਲੀ ਗੈਪ ਤੇ ਖਾਮੀਆਂ ਨੂੰ ਵੀ ਆਸਾਨੀ ਨਾਲ ਲੱਭ ਸਕਦਾ ਹੈ। ਇਸਦੇ ਨਾਲ ਹੀ ਗਰਮੀ ਤੇ ਸਰਦੀ ਦੇ ਦਿਨਾਂ 'ਚ ਰੇਲਵੇ ਪਟੜੀਆਂ ਦੇ ਸੁੰਗੜਨ ਤੇ ਫੈਲਣ ਬਾਰੇ ਵੀ ਅਧਿਕਾਰੀਆਂ ਨੂੰ ਇਸ ਮਸ਼ੀਨ ਤੋਂ ਜਾਣਕਾਰੀ ਮਿਲ ਜਾਏਗੀ।
ਇਸਦੇ ਨਾਲ ਹੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ-ਅੰਬਾਲਾ ਰੇਲਵੇ ਟਰੈਕ ਦੇ ਦੋਹਰੀਕਰਨ ਦਾ ਕੰਮ ਪੂਰਾ ਹੋ ਗਿਆ ਹੈ। ਹੁਣ ਸਿਰਫ ਬਿਜਲੀ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਬਾਅਦ ਹੀ ਯੂ. ਐੱਸ. ਐੱਫ. ਡੀ. ਮਸ਼ੀਨ ਨਾਲ ਟਰੈਕ ਦੀ ਚੈਕਿੰਗ ਕੀਤੀ ਜਾਏਗੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਹਿਰਵਾਸੀਆਂ ਨੂੰ ਨਵੇਂ ਸਾਲ 'ਤੇ ਤੇਜਸ ਦਾ ਤੋਹਫਾ ਮਿਲ ਸਕਦਾ ਹੈ।
338.54 ਕਰੋੜ ਦੀ ਲਾਗਤ ਨਾਲ ਪੂਰਾ ਹੋਇਆ ਟਰੈਕ ਦਾ ਦੋਹਰੀਕਰਨ : ਅੰਬਾਲਾ-ਚੰਡੀਗੜ੍ਹ ਰੇਲਵੇ ਟਰੈਕ ਦੇ ਦੋਹਰੀਕਰਨ ਦਾ ਕੰਮ 338.54 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ। ਇਹ ਰੇਲਵੇ ਟਰੈਕ 45.16 ਕਿਲੋਮੀਟਰ ਲੰਬਾ ਹੈ ਤੇ ਇਸ 'ਤੇ 10 ਵੱਡੇ ਤੇ 33 ਛੋਟੇ ਪੁਲਾਂ ਦਾ ਨਿਰਮਾਣ ਹੋਇਆ ਹੈ। ਅੰਬਾਲਾ ਤੋਂ ਦੱਪਰ ਤਕ ਦਾ ਨਿਰਮਾਣ ਹੋ ਚੁੱਕਾ ਹੈ। ਦੱਪਰ ਤੋਂ ਚੰਡੀਗੜ੍ਹ 27.9 ਕਿਲੋਮੀਟਰ ਦੇ ਟਰੈਕ ਨੂੰ ਬਣਾਉਣ ਦਾ ਨਿਰਮਾਣ ਵੀ ਪੂਰਾ ਹੋ ਚੁੱਕਾ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਸਿਰਫ ਰੇਲਵੇ ਟਰੈਕ ਦੀ ਟੈਸਟਿੰਗ ਬਾਕੀ ਹੈ ਤੇ ਜਿਵੇਂ ਹੀ ਬਿਜਲੀ ਦਾ ਕੰਮ ਪੂਰਾ ਹੋ ਜਾਏਗਾ, ਇਸ 'ਤੇ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਏਗੀ।
ਵਿੰਟਰ ਸ਼ਡਿਊਲ 'ਚ ਵੀ ਰੇਲਵੇ ਨੇ ਕੀਤਾ ਤੇਜਸ ਦਾ ਐਲਾਨ : ਰੇਲਵੇ ਵਲੋਂ ਵਿੰਟਰ ਸ਼ਡਿਊਲ 'ਚ ਤੇਜਸ ਟਰੇਨ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟਰੇਨ ਹਫਤੇ 'ਚ 6 ਦਿਨ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਸਮੇਂ ਵੀ ਟਰੇਨ ਚਲਾਉਣ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਅਜਿਹੇ 'ਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਵੇਂ ਸਾਲ 'ਚ ਸ਼ਹਿਰਵਾਸੀਆਂ ਨੂੰ 'ਤੇਜਸ' ਮਿਲ ਸਕਦੀ ਹੈ।
ਕੀ ਕਰਦੀ ਹੈ ਯੂ. ਐੱਸ. ਐੱਫ. ਡੀ. ਮਸ਼ੀਨ
ਇਹ ਮਸ਼ੀਨ ਅਲਟ੍ਰਾਸਾਊਂਡ ਵੇਵਜ਼ ਦੀ ਮਦਦ ਨਾਲ ਰੇਲਵੇ ਟਰੈਕ ਦੀਆਂ ਉਨ੍ਹਾਂ ਮਾਮੂਲੀ ਬਰੀਕ ਖਾਮੀਆਂ ਨੂੰ ਵੇਖਣ 'ਚ ਸਮਰੱਥ ਹੁੰਦੀ ਹੈ, ਜਿਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਜਿਸ ਤਰ੍ਹਾਂ ਅਲਟ੍ਰਾਸਾਊਂਡ ਮਸ਼ੀਨ ਰਾਹੀਂ ਮਨੁੱਖੀ ਸਰੀਰ ਦੀ ਅੰਦਰੂਨੀ ਜਾਂਚ ਸੰਭਵ ਹੈ, ਉਸੇ ਤਰ੍ਹਾਂ ਯੂ. ਐੱਸ. ਐੱਫ. ਡੀ. ਮਸ਼ੀਨ ਵੀ ਰੇਲਵੇ ਟਰੈਕ ਦੀਆਂ ਖਾਮੀਆਂ ਨੂੰ ਪਛਾਣ ਸਕਦੀ ਹੈ, ਤਾਂ ਜੋ ਬਾਅਦ 'ਚ ਰੇਲਵੇ ਟਰੈਕ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹਿ ਜਾਏ। ਯੂ. ਐੱਸ. ਐੱਫ. ਡੀ. ਮਸ਼ੀਨ ਛੋਟੀ ਤੋਂ ਛੋਟੀ ਦਰਾੜ ਨੂੰ ਲੱਭ ਲੈਣ 'ਚ ਸਮਰੱਥ ਹੈ ਤੇ ਸਮੇਂ ਸਿਰ ਹੀ ਉਸਨੂੰ ਠੀਕ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੇਲਵੇ ਲਈ ਕਾਫੀ ਮਹੱਤਵਪੂਰਨ ਮਸ਼ੀਨ ਹੈ, ਜਿਸਦੀ ਵਰਤੋਂ ਨਾਲ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।


Related News