ਚੰਡੀਗੜ੍ਹ ਪੁੱਜੀ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਗੂੰਜ, ਹੋਈ ਹਾਈ ਲੈਵਲ ਮੀਟਿੰਗ

Thursday, Nov 14, 2024 - 04:23 PM (IST)

ਚੰਡੀਗੜ੍ਹ ਪੁੱਜੀ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਗੂੰਜ, ਹੋਈ ਹਾਈ ਲੈਵਲ ਮੀਟਿੰਗ

ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਗੂੰਜ ਚੰਡੀਗੜ੍ਹ ਪੁੱਜ ਗਈ ਹੈ, ਜਿਸ ਦੇ ਤਹਿਤ ਇਸ ਮੁੱਦੇ ‘ਤੇ ਬੁੱਧਵਾਰ ਨੂੰ ਸਰਕਾਰ ਵੱਲੋਂ ਹਾਈ ਲੇਵਲ ਮੀਟਿੰਗ ਬੁਲਾਈ ਗਈ। ਇਸ ਦੌਰਾਨ ਮੁੱਖ ਤੌਰ ’ਤੇ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ, ਪ੍ਰਿੰਸੀਪਲ ਸੈਕਟਰੀ ਤੇਜਵੀਰ ਸਿੰਘ, ਕਮਿਸ਼ਨਰ ਆਦਿੱਤਿਆ ਸ਼ਾਮਲ ਹੋਏ। ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਬੁੱਢੇ ਨਾਲੇ ਵਿਚ ਗੋਹਾ ਸੁੱਟਣ ਤੋਂ ਰੋਕਣ ’ਤੇ ਫੋਕਸ ਰਿਹਾ ਕਿਉਂਕਿ ਡਾਇੰਗ ਮਾਲਕਾਂ ਵੱਲੋਂ ਆਪਣਾ ਪੱਖ ਰੱਖਣ ਦੌਰਾਨ ਇਹੀ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਸੀ. ਈ. ਟੀ. ਪੀ. ਦੇ ਜ਼ਰੀਏ ਡਾਇੰਗ ਯੂਨੀਟਾਂ ਦੇ ਪਾਣੀ ਨੂੰ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਕ ਸਾਫ ਕਰਨ ਤੋਂ ਬਾਅਦ ਛੱਡਣ ਦੇ ਬਾਵਜੂਦ ਬੁੱਢੇ ਨਾਲੇ ਵਿਚ ਪ੍ਰਦੂਸ਼ਣ ਦੀ ਸਮੱਸਿਆ ਦੇ ਲਈ ਸਿਰਫ ਉਨ੍ਹਾਂ ਨੂੰ ਹੀ ਟਾਰਗੈਟ ਕੀਤਾ ਜਾ ਰਿਹਾ ਹੈ। ਡਾਇੰਗ ਮਾਲਕਾਂ ਦੇ ਮੁਤਾਬਕ ਡੀ. ਸੀ. ਵੱਲੋਂ ਕਰਵਾਈ ਗਈ ਸੈਂਪਲਿੰਗ ਦੀ ਰਿਪੋਰਟ ਵਿਚ ਸੀ.ਈ.ਟੀ.ਪੀ. ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਰੀਯੂਜ਼ ਕਰਨ ਲਈ ਫਿੱਟ ਪਾਇਆ ਗਿਆ ਹੈ ਪਰ ਜਿੱਥੋਂ ਡੇਅਰੀਆਂ ਦਾ ਗੋਹਾ ਡਿੱਗਣਾ ਸ਼ੁਰੂ ਹੁੰਦਾ ਹੈ, ਉੱਥੋਂ ਬੁੱਢੇ ਨਾਲੇ ਵਿਚ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ।

ਇਸ ਗੱਲ ‘ਤੇ ਪੀ. ਪੀ. ਸੀ. ਬੀ. ਦੀ ਰਿਪੋਰਟ ਨੇ ਮੋਹਰ ਲਗਾ ਦਿੱਤੀ, ਜਿਸ ਦੇ ਮੁਤਾਬਕ ਗੋਹਾ ਡਿੱਗਣ ਕਾਰਨ ਬੁੱਢੇ ਨਾਲੇ ਵਿਚ ਬੀ. ਓ. ਡੀ. ਅਤੇ ਸੀ. ਓ. ਡੀ. ਦਾ ਪੱਧਰ ਕਈ ਗੁਣਾ ਵੱਧ ਜਾਂਦਾ ਹੈ। ਇਸ ਕਾਰਨ ਡੇਅਰੀਆਂ ਦੇ ਕੁਨੈਕਸ਼ਨ ਕੱਟਣ, ਪੁਲਸ ਕੇਸ ਦਰਜ ਕਰਵਾਉਣ ਦੇ ਬਾਵਜੂਦ ਸਿੱਧੇ ਤੌਰ ’ਤੇ ਗੋਹਾ ਡਿੱਗਣਾ ਬੰਦ ਨਾ ਹੋਣ ਕਾਰਨ ਬੁੱਢੇ ਨਾਲੇ ਵਿਚ ਪ੍ਰਦੂਸ਼ਣ ਦੇ ਹਾਲਾਤ ਵਿਚ ਸੁਧਾਰ ਨਹੀਂ ਹੋ ਰਿਹਾ। ਇਸ ਦੇ ਮੱਦੇਨਜ਼ਰ ਪੇਡਾ ਨੂੰ ਗੋਬਰ ਗੈਸ ਪਲਾਂਟ ਲਗਾਉਣ ਦਾ ਕੰਮ ਜਲਦ ਪੂਰਾ ਕਰਨ ਦੇ ਨਾਲ ਹੀ ਨਗਰ ਨਿਗਮ ਨੂੰ ਗੋਹੇ ਦੀ ਡਿਸਪੋਜ਼ਲ ਦੇ ਲਈ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਮੀਟਿੰਗ ਦੌਰਾਨ ਦਿੱਤੇ ਗਏ ਹਨ।
 


author

Babita

Content Editor

Related News