EV ਵਾਹਨਾਂ ਦੀ ਵਿਕਰੀ 'ਚ ਚੰਡੀਗੜ੍ਹ ਪਹਿਲੇ ਨੰਬਰ ’ਤੇ, ਹੁਣ ਤੱਕ ਵਿਕੇ 4204 ਵਾਹਨ
Saturday, Nov 16, 2024 - 01:13 PM (IST)
![](https://static.jagbani.com/multimedia/2024_11image_13_12_54194996664.jpg)
ਚੰਡੀਗੜ੍ਹ (ਰਮੇਸ਼ ਹਾਂਡਾ) : ਵਿਗਿਆਨ ਅਤੇ ਤਕਨਾਲੋਜੀ ਅਤੇ ਨਵਿਆਉਣਯੋਗ ਊਰਜਾ ਸਕੱਤਰ ਟੀ. ਸੀ. ਨੌਟਿਆਲ ਨੇ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਸੰਭਾਲ ਸੋਸਾਇਟੀ (ਕ੍ਰੈਸਟ) ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿਚ ਛੱਤ 'ਤੇ ਸੂਰਜੀ ਊਰਜਾ ਦੀ ਸਥਾਪਨਾ, ਈ. ਵੀ ਚਾਰਜਿੰਗ ਬੁਨਿਆਦੀ ਢਾਂਚੇ ਅਤੇ ਨਵਿਆਉਣਯੋਗ ਊਰਜਾ ਆਰਡੀਨੈਂਸਾਂ ਦੇ ਸਣੇ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਵਿਗਿਆਨ ਅਤੇ ਤਕਨਾਲੋਜੀ ਅਤੇ ਨਵਿਆਉਣਯੋਗ ਊਰਜਾ ਦੇ ਡਾਇਰੈਕਟਰ ਅਤੇ ਸਹਿ-ਸੀ. ਈ. ਓ. ਕਰੈਸਟ ਨਵਨੀਤ ਕੁਮਾਰ ਸ੍ਰੀਵਾਸਤਵ ਨੇ ਕਿਹਾ ਕਿ ਛੱਤ 'ਤੇ ਸੂਰਜੀ ਊਰਜਾ ਨੂੰ ਸਥਾਪਿਤ ਕਰਨ ਦੀ ਪ੍ਰਭਾਵਸ਼ਾਲੀ 69 ਮੈਗਾਵਾਟ ਸਮਰੱਥਾ ਹਾਸਲ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਬੰਦ ਕਰਨ ਦੀ ਤਿਆਰੀ! ਜਾਣੋ ਕੀ ਹੈ ਕਾਰਨ
ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਸੌਰ ਊਰਜਾ ਦੀ ਸਮਰੱਥਾ 80 ਮੈਗਾਵਾਟ ਤੋਂ ਵੱਧ ਹੋ ਜਾਵੇਗੀ, ਜੋ ਸ਼ਹਿਰ ਦੇ ਹਰੀ ਊਰਜਾ ਟੀਚਿਆਂ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ। ਕਰੈਸਟ ਦੇ ਸੀ. ਈ. ਓ. ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਲਾਗੂਕਰਨ ਪੂਰੇ ਜ਼ੋਰਾਂ 'ਤੇ ਹੈ ਅਤੇ ਦਸੰਬਰ, 2024 ਤੱਕ ਸਰਕਾਰੀ ਘਰਾਂ ਵਿਚ ਸੋਲਰ ਸਿਸਟਮ ਲਗਾ ਦਿੱਤੇ ਜਾਣਗੇ। ਪੀ. ਐੱਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਵਿਚ ਚੰਡੀਗੜ੍ਹ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਦੇਸ਼ ਵਿਚ ਮੋਹਰੀ ਸਥਾਪਨਾ ਦਰ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖ਼ਪਤਕਾਰ 3 ਕੇ. ਵੀ. ਪੀ. ਤੱਕ ਦੀ ਸਮਰੱਥਾ ਤੱਕ ਦੇ ਸੋਲਰ ਸਿਸਟਮ ਲਗਾਉਣ ਲਈ 78,000 ਰੁਪਏ ਤੱਕ ਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ : ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਇਸ ਤਾਰੀਖ਼ ਤੋਂ ਲਾਗੂ ਹੋਏ ਨਵੇਂ ਰੇਟ
ਇਹ ਸਬਸਿਡੀ ਮਹੀਨਾਵਾਰ ਬਿਜਲੀ ਬਿੱਲਾਂ ਨੂੰ ਘਟਾਉਣ ਵਿਚ ਮਦਦ ਕਰਦੀ ਹੈ। ਸਮੀਖਿਆ ਵਿਚ ਇਸ ਗੱਲ ਨੂੰ ਉਜਾਗਰ ਕੀਤਾ ਕਿ ਚੰਡੀਗੜ੍ਹ ਵਿਚ 20 ਈ. ਵੀ. ਚਾਰਜਿੰਗ ਸਟੇਸ਼ਨ ਪੂਰੀ ਤਰ੍ਹਾਂ ਚਾਲੂ ਹਨ। ਅਗਲੇ ਹਫ਼ਤੇ ਤੱਕ 4 ਤੋਂ 5 ਵਾਧੂ ਚਾਰਜਿੰਗ ਸਟੇਸ਼ਨ ਸਰਗਰਮ ਹੋ ਜਾਣਗੇ, ਜਿਸ ਨਾਲ ਇਲੈਕਟ੍ਰਿਕ ਵਾਹਨ ਦੇ ਬੁਨਿਆਦੀ ਢਾਂਚੇ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਸਮੀਖਿਆ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਿਚ ਚੰਡੀਗੜ੍ਹ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਗਿਆ। ਸ਼ਹਿਰ ਨੇ ਅਪ੍ਰੈਲ ਤੋਂ ਅਕਤੂਬਰ, 2024 ਤੱਕ 14.8 ਫ਼ੀਸਦੀ ਈ. ਵੀ. ਪ੍ਰਵੇਸ਼ ਪ੍ਰਾਪਤ ਕੀਤਾ, ਜੋ ਕਿ ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸਭ ਤੋਂ ਵੱਧ ਹੈ। ਮੀਟਿੰਗ ਵਿਚ ਮੀਟਰ ਲਗਾਉਣ ਵਿਚ ਦੇਰੀ, ਸਰਕਾਰੀ ਘਰਾਂ ਤੋਂ ਵਸੂਲੇ ਜਾ ਰਹੇ ਸੋਲਰ ਯੂਜ਼ਰ ਚੇਂਜ ਅਤੇ ਸੋਲਰ ਪ੍ਰਾਜੈਕਟਾਂ ਨੂੰ ਠੀਕ ਕਰਨ ਨਾਲ ਸਬੰਧਿਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8