ਚੰਡੀਗੜ੍ਹ ’ਤੇ ਤਿੰਨ ਕਰੋੜ ਪੰਜਾਬੀਆਂ ਦਾ ਹੱਕ, ਅਸੀਂ ਇਸ ਨੂੰ ਲੈ ਕੇ ਰਹਾਂਗੇ : ਹਰਪਾਲ ਚੀਮਾ
Tuesday, Nov 19, 2024 - 06:05 PM (IST)
ਦਿੜ੍ਹਬਾ ਮੰਡੀ/ਕੌਹਰੀਆਂ (ਸ਼ਰਮਾ) : ‘‘ਚੰਡੀਗੜ੍ਹ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਜਿਸ ਕਾਰਨ ਇਸ ’ਤੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਦਾ ਹੱਕ ਬਣਦਾ ਹੈ ਅਸੀਂ ਇਸ ਹੱਕ ਨੂੰ ਲੈ ਕੇ ਰਹਾਂਗੇ। ਹਰਿਆਣੇ ਵੱਲੋਂ ਆਪਣੀ ਵਿਧਾਨ ਸਭਾ ਬਣਾਉਣ ਲਈ ਮੰਗੀ ਗਈ 10 ਏਕੜ ਜ਼ਮੀਨ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ। ਪਿਛਲੇ ਦਿਨੀਂ ਅਸੀਂ ਮਾਣਯੋਗ ਗਵਰਨਰ ਨੂੰ ਮਿਲੇ ਸੀ ਜਿਨ੍ਹਾਂ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਬਾਅਦ ’ਚ ਉਨ੍ਹਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਹਰਿਆਣੇ ਦੀ ਮੰਗ ਅਜੇ ਵਿਚਾਰ ਅਧੀਨ ਹੈ, ਅਸੀਂ ਉਨ੍ਹਾਂ ਤੋਂ ਮੀਡੀਆ ਰਾਹੀਂ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਪੰਜਾਬੀਆਂ ਦਾ ਹੈ ਅਤੇ ਪੰਜਾਬ ਨੂੰ ਹੀ ਦਿੱਤਾ ਜਾਵੇ।’’ ਇਹ ਸ਼ਬਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਈ ਗੁਰਜੀਤ ਸਿੰਘ ਹਰੀਗੜ ਵਾਲਿਆਂ ਵੱਲੋਂ ਲਗਾਏ ਗਏ ਅੱਖਾਂ ਦੇ ਕੈਂਪ ਦੇ ਉਦਘਾਟਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੋ ਝੋਨੇ ਅਤੇ 17 ਮੋਸਚਰਾਈਜ਼ਰ ਦੀ ਸ਼ਰਤ ਹੈ ਅਸੀਂ ਸੈਂਟਰ ਨੂੰ ਉਸ ਨੂੰ ਵਧਾਉਣ ਦੀ ਮੰਗ ਕਰਾਂਗੇ ਤਾਂ ਜੋ ਮੌਸਮ ਦੇ ਹਿਸਾਬ ਨਾਲ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਅਤੇ ਬਦਨਾਮ ਕਰਨਾ ਚਾਹੁੰਦੀ ਹੈ। ਦੇਸ਼ ਦੇ ਅੰਨ ਭੰਡਾਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨ ਦਾ ਕੇਂਦਰ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਹੈ।