ਚੰਡੀਗੜ੍ਹ ਦੇ ਇਸ ਸੈਕਟਰ ''ਚੋਂ ਭਿਖਾਰੀਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ
Tuesday, Nov 05, 2024 - 11:58 AM (IST)
ਚੰਡੀਗੜ੍ਹ (ਰੌੲੋ) : ਚੰਡੀਗੜ੍ਹ ਪ੍ਰਸ਼ਾਸਨ ਦੀ ਪਹਿਲ ਕਦਮੀ ‘ਭਿਖਾਰੀ ਮੁਕਤ ਚੰਡੀਗੜ੍ਹ’ ਮੁਹਿੰਮ ਦਾ ਸਮਰਥਨ ਕਰਦਿਆਂ ਕੌਂਸਲਰ ਪ੍ਰੇਮ ਲਤਾ ਨੇ ਆਪਣੇ ਵਾਰਡ ਵਿਚ ਪੈਂਦੇ ਸੈਕਟਰਾਂ ਵਿਚ ਭਿਖਾਰੀਆਂ ਨੂੰ ਹਟਾਉਣ ਲਈ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰੇਮ ਲਤਾ ਨੇ ਦੱਸਿਆ ਕਿ ਇਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਉਹ ਚੰਡੀਗੜ੍ਹ ਪੁਲਸ ਨਾਲ ਮਿਲ ਕੇ ਸੈਕਟਰ-34 ਤੋਂ ਭਿਖਾਰੀਆਂ ਨੂੰ ਹਟਾਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਭਿਖਾਰੀਆਂ ਕਾਰਨ ਜਿੱਥੇ ਸੜਕ ਹਾਦਸੇ ਵੱਧ ਰਹੇ ਹਨ, ਉੱਥੇ ਹੀ ਭਿਖਾਰੀਆਂ ਦੀ ਵੱਧਦੀ ਗਿਣਤੀ ਤੋਂ ਲੋਕ ਵੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਦੇ ਵਾਰਡ ’ਚੋਂ ਭਿਖਾਰੀਆਂ ਨੂੰ ਹਟਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਸ਼ਹਿਰ ਦੇ ਹੋਰਨਾਂ ਸੈਕਟਰਾਂ ’ਚੋਂ ਵੀ ਇਨ੍ਹਾਂ ਖ਼ਿਲਾਫ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਭਿਖਾਰੀਆਂ ’ਤੇ ਤਰਸ ਨਾ ਕਰਨ ਅਤੇ ਉਨ੍ਹਾਂ ਨੂੰ ਪੈਸੇ ਜਾਂ ਖਾਣ ਲਈ ਕੁੱਝ ਨਾ ਦੇਣ। ਦੱਸ ਦੇਈਏ ਕਿ ਪ੍ਰਸ਼ਾਸਨ ਨੇ 21 ਅਕਤੂਬਰ ਤੋਂ 28 ਅਕਤੂਬਰ ਤੱਕ ਸ਼ਹਿਰ ’ਚ ਭਿਖਾਰੀ ਮੁਕਤ ਮੁਹਿੰਮ ਵੀ ਚਲਾਈ ਸੀ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਹਰ ਚੌਰਾਹੇ ਜਾਂ ਲਾਈਟ ਪੁਆਇੰਟ ’ਤੇ ਇਹ ਭਿਖਾਰੀ ਦੇਖੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸੈਕਟਰ-17 ਦੇ ਵਪਾਰੀਆਂ ਦੇ ਆਗੂ ਕਮਲਜੀਤ ਸਿੰਘ ਪੰਛੀ ਨੇ ਵੀ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਸੀ।
ਇਸ ਦਾ ਮਕਸਦ ਨਾ ਸਿਰਫ਼ ਭਿਖਾਰੀ ਨੂੰ ਖ਼ਤਮ ਕਰਨਾ ਹੈ, ਸਗੋਂ ਬਾਲ ਤਸਕਰੀ ਅਤੇ ਬਾਲ ਮਜ਼ਦੂਰੀ ਨੂੰ ਵੀ ਨੱਥ ਪਾਉਣਾ ਹੈ। ਚੰਡੀਗੜ੍ਹ ਨੂੰ ਭਿਖਾਰੀ ਮੁਕਤ ਅਤੇ ਹੋਰ ਸੁੰਦਰ ਸ਼ਹਿਰ ਬਣਾਉਣ ਦੇ ਇਸ ਸਮੂਹਿਕ ਯਤਨ ਵਿਚ ਜਾਗਰੂਕਤਾ ਪੈਦਾ ਕਰਕੇ ਅਤੇ ਲੋਕਾਂ ਨੂੰ ਮਾਰਗ ਦਰਸ਼ਨ ਕਰਕੇ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਪੰਛੀ ਅਤੇ ਹੋਰ ਮੈਂਬਰਾਂ ਨੇ ਇਸ ਉਪਰਾਲੇ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ਾਸਕ ਨੂੰ ਇਸ ਮੁਹਿੰਮ ਨੂੰ 31 ਦਸੰਬਰ, 2024 ਤੱਕ ਵਧਾਉਣ ਦੀ ਬੇਨਤੀ ਕੀਤੀ।