'ਰੰਗਲਾ ਪੰਜਾਬ' ਹੁਣ 'ਖ਼ੂਨੀ ਪੰਜਾਬ' ਬਣਿਆ, 2027 'ਚ ਅਕਾਲੀ ਦਲ ਦੀ ਵਾਪਸੀ ਤੈਅ: ਬਿਕਰਮ ਮਜੀਠੀਆ
Friday, Feb 20, 2026 - 03:38 PM (IST)
ਜਲੰਧਰ/ਜ਼ੀਰਾ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜ਼ੀਾਰਾ ਵਿਖੇ ਇਕ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਰੈਲੀ ਵਿੱਚ ਮਜੀਠੀਆ ਨੇ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਪ੍ਰੈੱਸ ਦੀ ਆਜ਼ਾਦੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।
ਸਰਕਾਰ ਨੂੰ ਦੱਸਿਆ 'ਤਾਨਾਸ਼ਾਹੀ' ਵਾਲੀ ਸਰਕਾਰ
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਸਦਾਮ ਹੁਸੈਨ ਅਤੇ ਗਦਾਫ਼ੀ ਵਰਗੇ ਤਾਨਾਸ਼ਾਹਾਂ ਨਾਲ ਕਰਦਿਆਂ ਕਿਹਾ ਕਿ ਪੰਜਾਬ ਇਕ ਲੋਕਤੰਤਰਿਕ ਸੂਬਾ ਰਹਿਣ ਦੀ ਬਜਾਏ 'ਪੁਲਸ ਸਟੇਟ' ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ 'ਰੰਗਲੇ ਪੰਜਾਬ' ਦਾ ਸੁਫ਼ਨਾ ਵਿਖਾਇਆ ਗਿਆ ਸੀ, ਉਹ ਅੱਜ 'ਖ਼ੂਨੀ ਪੰਜਾਬ' 'ਚ ਤਬਦੀਲ ਹੋ ਚੁੱਕਾ ਹੈ, ਜਿੱਥੇ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ।
ਇਹ ਵੀ ਪੜ੍ਹੋ: ਪੌਣੀ ਬੋਤਲ ਸ਼ਰਾਬ ਪੀਣ ਵਾਲਾ ਹੁਣ ਰੱਬ ਦੀ ਕਚਹਿਰੀ ਦੇ ਫ਼ੈਸਲੇ ਦੱਸੇਗਾ: ਬਿਕਰਮ ਮਜੀਠੀਆ

ਪ੍ਰੈੱਸ ਦੀ ਆਜ਼ਾਦੀ 'ਤੇ ਹਮਲੇ ਦਾ ਦਾਅਵਾ
ਮਜੀਠੀਆ ਨੇ ਦੋਸ਼ ਲਾਇਆ ਕਿ ਜੇਕਰ ਕੋਈ ਪੱਤਰਕਾਰ ਜਾਂ ਯੂ-ਟਿਊਬ ਚੈਨਲ ਸਰਕਾਰ ਦੀ ਪੋਲ ਖੋਲ੍ਹਦਾ ਹੈ ਤਾਂ ਉਸ 'ਤੇ ਪਰਚਾ ਦਰਜ ਕਰਕੇ ਉਸ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ। ਪ੍ਰੈੱਸ ਦੀ ਆਜ਼ਾਦੀ 'ਤੇ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ 'ਪੰਜਾਬ ਕੇਸਰੀ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਮੀਡੀਆ 'ਤੇ ਦਬਾਅ ਪਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਸਾਢੇ ਚਾਰ ਫੁੱਟ ਦਾ ਨਿੱਕੂ ਕਹਿ ਕੇ ਬੁਲਾਉਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪੰਜਾਬ ਕੇਸਰੀ ਵਾਲਿਆਂ ਨੇ ਖ਼ਬਰ ਕੀ ਲਗਾ ਦਿੱਤੀ ਤਾਂ ਹੁਣ ਪੰਜਾਬ ਸਰਕਾਰ ਨੇ ਪੰਜਾਬ ਕੇਸਰੀ ਨਾਲ ਪੰਗਾ ਲੈ ਲਿਆ। ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਦਿੱਲੀ ਤੋਂ ਬੈਠੇ ਲੋਕ ਪੰਜਾਬ ਦੇ ਖਜ਼ਾਨੇ ਨੂੰ ਕੰਟਰੋਲ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼ੀਤਲ ਅੰਗੂਰਾਲ ਨੇ ਘੇਰੀ 'ਆਪ' ਸਰਕਾਰ, ਮੰਤਰੀ ਮੋਹਿੰਦਰ ਭਗਤ 'ਤੇ ਲਾਏ ਸਰਕਾਰੀ ਜ਼ਮੀਨ ਹੜੱਪਣ ਦੇ ਦੋਸ਼
2027 ਦੀਆਂ ਚੋਣਾਂ ਅਤੇ ਸੁਖਬੀਰ ਬਾਦਲ ਦੀ ਅਗਵਾਈ
ਰੈਲੀ 'ਚ ਇਕੱਠੇ ਹੋਏ ਭਾਰੀ ਇਕੱਠ ਨੂੰ ਵੇਖਦਿਆਂ ਮਜੀਠੀਆ ਨੇ ਦਾਅਵਾ ਕੀਤਾ ਕਿ ਇਹ 2027 ਵਿੱਚ ਹੋਣ ਵਾਲੀ ਸੱਤਾ ਤਬਦੀਲੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ ਤਾਂ ਜੋ ਸੂਬੇ 'ਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਹਾਲ ਹੋ ਸਕੇ। ਆਪਣੀ ਜੇਲ੍ਹ ਯਾਤਰਾ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਸਾਢੇ ਸੱਤ ਮਹੀਨੇ ਅੰਦਰ ਲਾ ਕੇ ਆਏ ਹਨ ਅਤੇ ਜੇਲ੍ਹ ਦੀਆਂ ਸਖ਼ਤੀਆਂ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਾਂਗਰਸੀ ਆਗੂ ਰਾਜਾ ਵੜਿੰਗ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵੜਿੰਗ ਵਾਂਗ ਰਾਤ ਨੂੰ ਟੋਪੀਆਂ ਪਾ ਕੇ ਸਮਝੌਤੇ ਨਹੀਂ ਕਰਦੇ, ਬਲਕਿ ਸਪੱਸ਼ਟ ਗੱਲ ਕਰਨ ਵਾਲੇ ਲੀਡਰ ਹਨ। ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਜੱਸੀ ਹੀਰੋ ਅਤੇ ਹੋਰ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਸੀ।
ਇਹ ਵੀ ਪੜ੍ਹੋ: 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਸਪਸ਼ਟ ਕਰੇ ਸਰਕਾਰ: ਸੁਖਪਾਲ ਖਹਿਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
