...ਤੇ ਹੁਣ ਖੇਤੀ ਲਈ ਠੇਕੇ ''ਤੇ ਦਿੱਤੀ ਜ਼ਮੀਨ ''ਤੇ ਨਹੀਂ ਹੋ ਸਕੇਗਾ ਕਬਜ਼ਾ!
Monday, Sep 09, 2019 - 01:36 PM (IST)
ਚੰਡੀਗੜ੍ਹ : ਪੰਜਾਬ 'ਚ ਖੇਤੀ ਵਾਲੀ ਜ਼ਮੀਨ ਨੂੰ ਠੇਕੇ 'ਤੇ ਦਿੱਤੇ ਜਾਣ ਤੋਂ ਬਾਅਦ ਹੁਣ ਇਸ 'ਤੇ ਕਬਜ਼ਾ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਸੂਬਾ ਸਰਕਾਰ ਇਕ ਨਵਾਂ ਐਕਟ ਲਿਆਉਣ ਜਾ ਰਹੀ ਹੈ। ਇਸ ਐਕਟ ਨੂੰ ਬਣਾਉਣ ਲਈ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਇਕ ਸਬ ਕਮੇਟੀ ਬਣਾਈ ਗਈ ਹੈ। ਹਾਲ ਹੀ 'ਚ ਇਸ ਸਬ ਕਮੇਟੀ ਦੀ ਬੈਠਕ ਹੋਈ, ਜਿਸ 'ਚ ਐਕਟ ਬਣਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ।
ਅਜੇ ਇਸ ਸਬ ਕਮੇਟੀ ਦੀ ਇਕ ਹੋਰ ਬੈਠਕ ਹੋਣੀ ਹੈ, ਜਿਸ ਤੋਂ ਬਾਅਦ ਇਸ ਨੂੰ ਕੈਬਨਿਟ 'ਚ ਲਿਆਂਦਾ ਜਾਵੇਗਾ। ਕੈਬਨਿਟ 'ਚ ਐਕਟ ਪਾਸ ਕਰਵਾ ਕੇ ਇਸ ਨੂੰ ਵਿਧਾਨ ਸਭਾ 'ਚ ਰੱਖਿਆ ਜਾਵੇਗਾ। ਵਿਧਾਨ ਸਭਾ 'ਚ ਪਾਸ ਹੋਣ 'ਤੇ ਇਸ ਨੂੰ ਕਾਨੂੰਨੀ ਰੂਪ ਮਿਲੇਗਾ। ਇਸ ਐਕਟ ਤਹਿਤ ਕਿਸਾਨਾਂ ਨੂੰ ਆਪਣੀ ਜ਼ਮੀਨ ਖੇਤੀ ਲਈ ਠੇਕੇ 'ਤੇ ਦੇਣ ਤੋਂ ਪਹਿਲਾਂ ਇਕ ਸਮਝੌਤਾ ਕਰਵਾਉਣਾ ਪਵੇਗਾ। ਦੱਸ ਦੇਈਏ ਕਿ ਸੂਬੇ 'ਚ 10 ਲੱਖ ਤੋਂ ਜ਼ਿਆਦਾ ਕਿਸਾਨ ਖੇਤੀ ਦਾ ਕੰਮ ਕਰਦੇ ਹਨ।