ਭਾਰਤੀ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਵਾਪਸ ਮੁੜੀ ਵਕਫ਼ ਬੋਰਡ ਦੀ ਜ਼ਮੀਨ ਦਾ ਕਬਜ਼ਾ ਲੈਣ ਆਈ ਟੀਮ

Wednesday, Mar 11, 2026 - 04:10 PM (IST)

ਭਾਰਤੀ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਵਾਪਸ ਮੁੜੀ ਵਕਫ਼ ਬੋਰਡ ਦੀ ਜ਼ਮੀਨ ਦਾ ਕਬਜ਼ਾ ਲੈਣ ਆਈ ਟੀਮ

ਮਹਿਲ ਕਲਾਂ (ਹਮੀਦੀ): ਪਿੰਡ ਧਨੇਰ ਵਿਖੇ ਪੰਜਾਬ ਵਕਫ਼ ਬੋਰਡ ਦੀ ਜ਼ਮੀਨ ਦਾ ਵਰੰਟ ਕਬਜ਼ਾ ਕਰਨ ਲਈ ਪੁੱਜੀ ਪ੍ਰਸ਼ਾਸਨਿਕ ਟੀਮ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਅਤੇ ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਬਿਨਾਂ ਕਾਰਵਾਈ ਕੀਤੇ ਹੀ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਵਕਫ਼ ਬੋਰਡ ਮਾਲੇਰਕੋਟਲਾ ਦੇ ਈ.ਓ. ਮੋਹਸਿਨ ਅਲੀ ਦੀ ਅਗਵਾਈ ਹੇਠ ਟੀਮ, ਜਿਸ ਵਿਚ ਐਡਵੋਕੇਟ ਮੁਹੰਮਦ ਹਾਰਿਸ, ਆਰ.ਸੀ. ਨਿਗਮਾ ਮਾਲੇਰਕੋਟਲਾ, ਆਰ.ਸੀ. ਮੁਹੰਮਦ ਆਰਿਫ ਅਤੇ ਰਿਵੈਨਿਊ ਅਫਸਰ ਹਰਵਿੰਦਰ ਸਿੰਘ ਸ਼ਾਮਲ ਸਨ, ਅਦਾਲਤੀ ਹੁਕਮਾਂ ਤਹਿਤ ਜ਼ਮੀਨ ਦਾ ਕਬਜ਼ਾ ਲੈਣ ਲਈ ਮੌਕੇ ‘ਤੇ ਪੁੱਜੀ ਸੀ। ਮਾਲ ਵਿਭਾਗ ਵੱਲੋਂ ਕਾਨਗੋ ਰਾਜਵਿੰਦਰ ਸਿੰਘ ਅਤੇ ਪਟਵਾਰੀ ਮਹਿੰਦਰ ਸਿੰਘ ਵੀ ਮੌਕੇ ‘ਤੇ ਹਾਜ਼ਰ ਰਹੇ। ਜਿਵੇਂ ਹੀ ਕਬਜ਼ਾ ਵਰੰਟ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੂੰ ਮਿਲੀ ਤਾਂ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ‘ਤੇ ਇਕੱਠੇ ਹੋ ਗਏ ਅਤੇ ਨਾਰੇਬਾਜ਼ੀ ਕਰਦਿਆਂ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ। 

ਇਸ ਮੌਕੇ ਸੂਬਾ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਜ਼ਿਲ੍ਹਾ ਜਰਨਲ ਸਕੱਤਰ ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ ਮੂੰਮ, ਸਤਪਾਲ ਸਿੰਘ ਸੋਹੀ, ਜੱਗਾ ਸਿੰਘ ਮਹਿਲ ਕਲਾਂ, ਜੱਸਾ ਸਿੰਘ ਗਹਿਲ ਅਤੇ ਭਿੰਦਰ ਸਿੰਘ ਮੂੰਮ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਸੂਬਾਈ ਫੈਸਲੇ ਅਨੁਸਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਤੇ ਨਿਲਾਮੀਆਂ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਖ਼ਿਲਾਫ਼ ਜਬਰਦਸਤੀ ਕਾਰਵਾਈ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਨਛੱਤਰ ਸਿੰਘ, ਗੁਰਮੇਲ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ 1971 ਵਿੱਚ ਠੇਕੇ ‘ਤੇ ਲਈ ਸੀ ਅਤੇ ਕਈ ਸਾਲਾਂ ਤੱਕ ਠੇਕੇ ਦੀ ਰਕਮ ਭਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗਰੀਬ ਕਿਸਾਨ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਸ ਜ਼ਮੀਨ ‘ਤੇ ਹੀ ਨਿਰਭਰ ਕਰਦਾ ਹੈ। ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਨੁਕਸਾਨ ਹੋਣ ਨਾਲ ਉਹ ਲੀਜ਼ ਦੀ ਰਕਮ ਅਦਾ ਕਰਨ ਵਿੱਚ ਅਸਮਰਥ ਰਹੇ, ਜਿਸ ਕਾਰਨ ਵਕਫ਼ ਬੋਰਡ ਵੱਲੋਂ ਕਬਜ਼ਾ ਵਰੰਟ ਜਾਰੀ ਕਰਵਾ ਲਿਆ ਗਿਆ।ਵਿਰੋਧ ਦੇ ਮੱਦੇਨਜ਼ਰ ਮੌਕੇ ‘ਤੇ ਕਬਜ਼ਾ ਕਾਰਵਾਈ ਨਹੀਂ ਹੋ ਸਕੀ। ਮਾਲ ਵਿਭਾਗ ਦੇ ਕਾਨਗੋ ਰਾਜਵਿੰਦਰ ਸਿੰਘ ਅਤੇ ਪਟਵਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਦੀ ਸਥਿਤੀ ਬਾਰੇ ਵਿਸਥਾਰਪੂਰਕ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਰਾਹੀਂ ਅਦਾਲਤ ਨੂੰ ਭੇਜੀ ਜਾਵੇਗੀ।

ਇਸ ਮੌਕੇ ਪ੍ਰੀਤਮ ਸਿੰਘ ਮਹਿਲ ਕਲਾਂ, ਗੁਰਮੇਲ ਸਿੰਘ, ਚੰਦ ਸਿੰਘ ਕੁਰੜ, ਹਾਕਮ ਸਿੰਘ ਕੁਰੜ, ਜੱਗੀ ਸਿੰਘ ਕੁਰੜ, ਨਿਰਮਲ ਸਿੰਘ ਅਮਲਾ ਸਿੰਘ ਵਾਲਾ, ਬਲਦੇਵ ਸਿੰਘ ਸਹਿਜੜਾ, ਗੁਰਦਿਆਲ ਸਿੰਘ ਮੂੰਮ ਅਤੇ ਸੁਖਵਿੰਦਰ ਸਿੰਘ ਕਲਾਲਮਾਜਰਾ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ। ਇਸ ਸਬੰਧੀ ਵਕਫ਼ ਬੋਰਡ ਮਲੇਰਕੋਟਲਾ ਦੇ ਈ.ਓ. ਮੋਹਸਿਨ ਅਲੀ ਨੇ ਦੱਸਿਆ ਕਿ ਪਿੰਡ ਧਨੇਰ ਦੀ ਇਸ ਜ਼ਮੀਨ ਸਬੰਧੀ ਮਾਮਲਾ ਕਾਫ਼ੀ ਸਮੇਂ ਤੋਂ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਮੁਤਾਬਕ ਇਹ ਜ਼ਮੀਨ 1977 ਤੋਂ ਪੰਜਾਬ ਵਕਫ਼ ਬੋਰਡ ਦੇ ਅਧੀਨ ਹੈ ਅਤੇ ਲੀਜ਼ ਦੀ ਰਕਮ ਅਦਾ ਨਾ ਕਰਨ ਕਾਰਨ 2006 ਵਿਚ ਕੇਸ ਦਰਜ ਕੀਤਾ ਗਿਆ ਸੀ। 2009 ਵਿੱਚ ਅਦਾਲਤ ਵੱਲੋਂ ਜ਼ਮੀਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਬਾਅਦ ਵਿਚ ਇਸ ਫੈਸਲੇ ਖ਼ਿਲਾਫ਼ ਅਪੀਲ ਕੀਤੀ ਗਈ ਅਤੇ ਮਾਮਲਾ ਉੱਚ ਅਦਾਲਤ ਤੱਕ ਪਹੁੰਚ ਗਿਆ, ਜਿੱਥੇ 2023 ਵਿੱਚ ਹਾਈਕੋਰਟ ਨੇ ਫੈਸਲਾ ਪੰਜਾਬ ਵਕਫ਼ ਬੋਰਡ ਦੇ ਹੱਕ ਵਿੱਚ ਸੁਣਾਇਆ। ਮੌਜੂਦਾ ਸਮੇਂ ਇਹ ਮਾਮਲਾ ਪਟਿਆਲਾ ਦੀ ਅਦਾਲਤ ਵਿਚ ਐਗਜ਼ਿਕਿਊਸ਼ਨ ਸਟੇਜ ‘ਤੇ ਹੈ ਅਤੇ ਏ.ਡੀ.ਜੇ. ਐੱਚ.ਕੇ. ਸਿੱਧੂ ਦੀ ਅਦਾਲਤ ਵੱਲੋਂ ਜਾਰੀ ਵਾਰੰਟ ਆਫ਼ ਪਜ਼ੈਸ਼ਨ ਦੇ ਤਹਿਤ ਜ਼ਮੀਨ ਦਾ ਕਬਜ਼ਾ ਬੋਰਡ ਨੂੰ ਦਿਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News