"ਮੈਂ ਮਾਫੀ ਨਹੀਂ ਮੰਗਣੀ", ਵਿਧਾਨ ਸਭਾ ''ਚ ਹੋਏ ਹੰਗਾਮੇ ''ਤੇ ਸੁਖਪਾਲ ਖਹਿਰਾ ਨੇ ਦਿੱਤੀ ਸਫਾਈ
Saturday, Mar 14, 2026 - 11:08 PM (IST)
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿੱਚ ਬੀਤੇ ਦਿਨੀਂ ਹੋਏ ਹੰਗਾਮੇ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਵਿਰੁੱਧ ਲਿਆਂਦੇ ਗਏ ਮਰਿਆਦਾ ਮਤੇ ਤੋਂ ਬਾਅਦ ਹੁਣ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਸਪੱਸ਼ਟ ਕੀਤਾ ਹੈ। ਖਹਿਰਾ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ 'ਤੇ ਲੱਗੇ 'ਗੰਦੇ ਇਸ਼ਾਰੇ' ਕਰਨ ਦੇ ਇਲਜ਼ਾਮਾਂ ਦੀ 'ਵਰਲਡ ਵਾਈਡ' ਕਲੈਰੀਫਿਕੇਸ਼ਨ ਦਿੱਤੀ ਹੈ।
ਸੁਖਪਾਲ ਖਹਿਰਾ ਨੇ ਦੱਸਿਆ ਕਿ ਸਪੀਕਰ ਵੱਲੋਂ ਉਨ੍ਹਾਂ 'ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਮਾਫੀ ਮੰਗਣ ਤੋਂ ਇਨਕਾਰ ਕਰਦੇ ਸਮੇਂ ਅਸ਼ਲੀਲ ਇਸ਼ਾਰੇ ਕਰ ਰਹੇ ਸਨ। ਇਸ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ ਕਿ ਕਿਉਂਕਿ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸ਼ੋਰ-ਸ਼ਰਾਬੇ ਕਾਰਨ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਸਾਈਨ ਲੈਂਗੂਏਜ (ਇਸ਼ਾਰਿਆਂ ਦੀ ਭਾਸ਼ਾ) ਦੀ ਵਰਤੋਂ ਕਰਨੀ ਪਈ।
ਵੀਡੀਓ ਵਿੱਚ ਖਹਿਰਾ ਨੇ ਦਾਅਵਾ ਕੀਤਾ ਕਿ ਸਪੀਕਰ ਨੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਸੀ ਕਿ ਉਹ ਖਹਿਰਾ ਨੂੰ ਬੋਲਣ ਦਾ ਸਮਾਂ ਦੇਣਗੇ ਪਰ ਜਦੋਂ ਮਹਿਲਾ ਵਿਧਾਇਕਾਂ ਨੇ ਵਾਕ-ਆਊਟ ਕਰਨ ਦੀ ਧਮਕੀ ਦਿੱਤੀ ਤਾਂ ਸਪੀਕਰ ਨੇ ਆਪਣਾ ਪੈਂਤੜਾ ਬਦਲ ਕੇ ਮਾਫੀ ਮੰਗਣ ਦੀ ਸ਼ਰਤ ਰੱਖ ਦਿੱਤੀ। ਖਹਿਰਾ ਨੇ ਕਿਹਾ, "ਮੈਂ ਮਾਫੀ ਕਾਹਦੇ ਲਈ ਮੰਗਾਂ, ਮੈਂ ਕੋਈ ਗੁਨਾਹ ਹੀ ਨਹੀਂ ਕੀਤਾ"। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵਿੱਚ ਕੋਈ ਹਉਮੈ ਨਹੀਂ ਹੈ ਅਤੇ ਉਹ ਕਮਜ਼ੋਰ ਤੋਂ ਕਮਜ਼ੋਰ ਬੰਦੇ ਤੋਂ ਵੀ ਮਾਫੀ ਮੰਗ ਲੈਂਦੇ ਹਨ ਪਰ ਇਸ ਮਾਮਲੇ ਵਿੱਚ ਉਹ ਗਲਤ ਨਹੀਂ ਹਨ।
One of allegations against me that led to Privilege Motion in the Vidhan Sabha the other day by Speaker @SpeakerSandhwan was that i was making obscene gestures while refusing to apologize !
— Sukhpal Singh Khaira (@SukhpalKhaira) March 14, 2026
My response is in the video below since i was not allowed to speak to @AamAadmiParty… pic.twitter.com/PXwd6dthpy
ਖਹਿਰਾ ਨੇ ਆਪਣੇ ਇਸ਼ਾਰੇ ਨੂੰ ਸਹੀ ਸਾਬਤ ਕਰਦਿਆਂ ਕਿਹਾ ਕਿ ਜਦੋਂ ਉਹ ਬੋਲ ਨਹੀਂ ਪਾ ਰਹੇ ਸਨ ਤਾਂ ਉਨ੍ਹਾਂ ਨੇ ਹੱਥਾਂ ਨਾਲ 'ਕਾਟੇ' (Cross) ਦਾ ਨਿਸ਼ਾਨ ਬਣਾ ਕੇ ਇਹ ਸੰਕੇਤ ਦਿੱਤਾ ਸੀ ਕਿ ਉਹ ਮਾਫੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਕਿਉਂਕਿ ਕੁਝ ਮੈਂਬਰ ਦੂਰ ਬੈਠੇ ਸਨ ਅਤੇ ਸਦਨ ਵਿੱਚ ਰੌਲਾ ਸੀ, ਇਸ ਲਈ ਉਨ੍ਹਾਂ ਨੂੰ ਇਹ ਇਸ਼ਾਰਾ ਕਰਨਾ ਪਿਆ। ਖਹਿਰਾ ਨੇ ਤੰਜ ਕਸਦਿਆਂ ਕਿਹਾ ਕਿ ਜਿਹੜੇ ਲੋਕ ਬੋਲਣ ਨਹੀਂ ਦਿੰਦੇ ਅਤੇ "ਗੂੰਗੇ-ਬਹਿਰੇ" ਬਣੇ ਹੋਏ ਹਨ, ਉਨ੍ਹਾਂ ਨੂੰ ਇਸ਼ਾਰਿਆਂ ਨਾਲ ਹੀ ਜਵਾਬ ਦਿੱਤਾ ਜਾ ਸਕਦਾ ਹੈ।
