ਨਵੀਂ ਐਕਸਾਈਜ਼ ਪਾਲਿਸੀ ਤੋਂ ਨਾਰਾਜ਼ ਸ਼ਰਾਬ ਕਾਰੋਬਾਰੀ, ਠੇਕੇ ਰਿਨਿਊ ਕਰਵਾਉਣ ਵਿੱਚ ਨਹੀਂ ਦਿਖਾ ਰਹੇ ਦਿਲਚਸਪੀ

Friday, Mar 06, 2026 - 06:28 PM (IST)

ਨਵੀਂ ਐਕਸਾਈਜ਼ ਪਾਲਿਸੀ ਤੋਂ ਨਾਰਾਜ਼ ਸ਼ਰਾਬ ਕਾਰੋਬਾਰੀ, ਠੇਕੇ ਰਿਨਿਊ ਕਰਵਾਉਣ ਵਿੱਚ ਨਹੀਂ ਦਿਖਾ ਰਹੇ ਦਿਲਚਸਪੀ

ਗੁਰਦਾਸਪੁਰ (ਹਰਮਨ)- ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਪਾਲਿਸੀ ਨੂੰ ਰਿਨਿਊ ਕਰਦੇ ਹੋਏ ਪਹਿਲਾਂ ਤੋਂ ਨਿਰਧਾਰਤ ਰਕਮ ’ਤੇ ਕਰੀਬ ਸਾਢੇ 6 ਫੀਸਦੀ ਵਾਧੂ ਰੈਵੈਨਿਊ ਲਾਗੂ ਕਰਨ ਤੋਂ ਬਾਅਦ ਸ਼ਰਾਬ ਕਾਰੋਬਾਰ ਨਾਲ ਜੁੜੇ ਠੇਕੇਦਾਰਾਂ ਵਿੱਚ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਇਸ ਵਾਧੂ ਬੋਝ ਕਾਰਨ ਕਈ ਠੇਕੇਦਾਰ ਮੌਜੂਦਾ ਸ਼ਰਾਬ ਦੇ ਠੇਕਿਆਂ ਨੂੰ ਰਿਨਿਊ ਕਰਵਾਉਣ ਵਿੱਚ ਘੱਟ ਦਿਲਚਸਪੀ ਦਿਖਾ ਰਹੇ ਹਨ। ਸਰਕਾਰ ਵੱਲੋਂ ਮੌਜੂਦਾ ਠੇਕੇਦਾਰਾਂ ਨੂੰ ਆਪਣੇ ਠੇਕੇ ਰਿਨਿਊ ਕਰਵਾਉਣ ਲਈ 14 ਮਾਰਚ ਤੱਕ ਦੀ ਅੰਤਿਮ ਮਿਤੀ ਦਿੱਤੀ ਗਈ ਹੈ। ਜੇਕਰ ਇਸ ਮਿਆਦ ਤੱਕ ਠੇਕੇਦਾਰਾਂ ਵੱਲੋਂ ਰਿਨਿਊਲ ਲਈ ਅਰਜ਼ੀਆਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਸੰਬੰਧਿਤ ਸਰਕਲਾਂ ਦੀ ਅਲਾਟਮੈਂਟ ਲਈ ਅਗਲੀ ਮਿਤੀ ’ਤੇ ਨਵੇਂ ਟੈਂਡਰ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਇਸ ਦਿਨ ਮੁੜ ਭੁੱਖ ਹੜਤਾਲ ‘ਤੇ ਬੈਠਣਗੇ PRTC ਮੁਲਾਜ਼ਮ, ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ

ਵਿਭਾਗ ਦੇ ਉੱਚ ਅਧਿਕਾਰੀ ਮੌਜੂਦਾ ਠੇਕੇਦਾਰਾਂ ਨੂੰ ਰਿਨਿਊਲ ਦੇ ਫਾਇਦੇ ਦੱਸਦੇ ਹੋਏ ਉਨ੍ਹਾਂ ਨੂੰ ਇਹ ਕਾਰੋਬਾਰ ਜਾਰੀ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ, ਪਰ ਦੂਜੇ ਪਾਸੇ ਕਈ ਕਾਰੋਬਾਰੀ ਨੁਕਸਾਨ ਦੇ ਡਰ ਕਾਰਨ ਇਸ ਕਾਰੋਬਾਰ ਤੋਂ ਪਿੱਛੇ ਹਟਣ ਦੀ ਸੋਚ ਰਹੇ ਹਨ। ਸੂਤਰਾਂ ਮੁਤਾਬਕ ਗੁਰਦਾਸਪੁਰ ਦੇ ਮੁਕਾਬਲੇ ਪਠਾਨਕੋਟ ਸਰਕਲ ਪਹਿਲਾਂ ਹੀ ਠੇਕੇਦਾਰਾਂ ਵੱਲੋਂ ਉੱਚੀ ਬੋਲੀ ਲਗਾ ਕੇ ਖਰੀਦਿਆ ਗਿਆ ਸੀ। ਇਸ ਕਾਰਨ ਇਸ ਵਾਰ ਉੱਥੇ ਕਈ ਠੇਕੇਦਾਰ ਕਾਰੋਬਾਰ ਛੱਡਣ ਦੀ ਤਿਆਰੀ ਵਿੱਚ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਐਕਸਾਈਜ਼ ਵਿਭਾਗ ਦੀ ਆਮਦਨ ’ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ: ਚੌਕੀ 'ਚ ਪੁਲਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ 3 ਮੁਲਜ਼ਮਾਂ ਦਾ ਮਿਲਿਆ ਰਿਮਾਂਡ

ਪਿਛਲੇ ਸਾਲ 2025–26 ਦੀ ਐਕਸਾਈਜ਼ ਪਾਲਿਸੀ ਦੌਰਾਨ ਠੇਕੇਦਾਰਾਂ ਨੇ ਉਮੀਦ ਨਾਲ ਇਸ ਕਾਰੋਬਾਰ ਵਿੱਚ ਹਿੱਸਾ ਲਿਆ ਸੀ ਕਿ ਸਰਕਾਰ ਦੇ ਆਖਰੀ ਸਾਲ ਦੌਰਾਨ ਸ਼ਰਾਬ ਦਾ ਕਾਰੋਬਾਰ ਸਸਤਾ ਹੋ ਸਕਦਾ ਹੈ ਅਤੇ ਉਹ ਇਸ ਨੂੰ ਅੱਗੇ ਵੀ ਜਾਰੀ ਰੱਖ ਸਕਣਗੇ। ਪਰ ਹੁਣ ਸਰਕਾਰ ਵੱਲੋਂ ਕੁੱਲ ਰੈਵੈਨਿਊ ’ਤੇ ਸਾਢੇ ਛੇ ਫੀਸਦੀ ਵਾਧਾ ਕਰਨ ਤੋਂ ਬਾਅਦ ਠੇਕੇ ਲੈਣ ਜਾਂ ਨਾ ਲੈਣ ਬਾਰੇ ਠੇਕੇਦਾਰਾਂ ਵਿਚਕਾਰ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਵੱਲੋਂ ਰੈਵੈਨਿਊ ਵਿੱਚ ਸਾਢੇ ਛੇ ਫੀਸਦੀ ਵਾਧੇ ਦੇ ਨਾਲ ਹੋਰ ਕਰੀਬ 0.6 ਫੀਸਦੀ ਐਡ-ਆਨ ਚਾਰਜ ਵੀ ਲਗਾਇਆ ਗਿਆ ਹੈ। ਇਸ ਅਧੀਨ ਮੌਜੂਦਾ ਠੇਕੇਦਾਰ ਆਨਲਾਈਨ ਪੋਰਟਲ ਰਾਹੀਂ ਹੀ ਆਪਣੇ ਠੇਕੇ ਰਿਨਿਊ ਕਰਵਾਉਣ ਲਈ ਅਰਜ਼ੀਆਂ ਦੇ ਸਕਣਗੇ। ਇਸ ਪ੍ਰਕਿਰਿਆ ਦੌਰਾਨ ਹੀ ਇਹ ਸਪਸ਼ਟ ਹੋਵੇਗਾ ਕਿ ਕਿੰਨੇ ਠੇਕੇਦਾਰ ਆਪਣੇ ਠੇਕੇ ਮੁੜ ਰਿਨਿਊ ਕਰਵਾਉਣ ਵਿੱਚ ਦਿਲਚਸਪੀ ਦਿਖਾਉਂਦੇ ਹਨ।

ਇਹ ਵੀ ਪੜ੍ਹੋ- ਫਰੀਦਕੋਟ: ਖੇਡਦੇ-ਖੇਡਦੇ ਛੱਪੜ 'ਚ ਡੁੱਬ ਗਿਆ ਜਵਾਕ, NDRF ਦੀ ਟੀਮ ਵੱਲੋਂ ਕੀਤੀ ਜਾ ਰਹੀ ਭਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News