'ਆਪ' ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 4400 ਕਰੋੜ ਪਰ ਪੈਨਸ਼ਨਰਾਂ ਨੂੰ ਦੇਣ ਲਈ ਪੈਸੇ ਨਹੀਂ : ਸੁਖਬੀਰ ਬਾਦਲ
Sunday, Mar 15, 2026 - 11:50 AM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਸੂਬੇ ਦੇ ਵਿੱਤੀ ਸਰੋਤਾਂ ਦੀ ਭਾਰੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ ਸਰਕਾਰੀ ਪੈਨਸ਼ਨਰਾਂ ਅਤੇ ਕਰਮਚਾਰੀਆਂ ਦਾ 14,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਖੜ੍ਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫਰਵਰੀ 2025 'ਚ ਕੈਬਨਿਟ ਵੱਲੋਂ ਤਨਖ਼ਾਹਾਂ ਨੂੰ ਮਨਜ਼ੂਰੀ ਦੇਣ ਦੇ ਬਾਵਜੂਦ ਸਰਕਾਰ ਇਹ ਭੁਗਤਾਨ ਨਹੀਂ ਕਰ ਰਹੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਐੱਨ. ਸੀ. ਈ. ਆਰ. ਟੀ. ਨੇ ਲਿਆ ਦਾ ਵੱਡਾ ਫ਼ੈਸਲਾ
ਸੁਖਬੀਰ ਬਾਦਲ ਨੇ ਸਰਕਾਰ ਦੀਆਂ ਤਰਜ਼ੀਹਾਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿੱਥੇ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਹਨ, ਉੱਥੇ ਭਗਵੰਤ ਮਾਨ ਸਰਕਾਰ ਨੇ ਦੇਸ਼ ਭਰ 'ਚ ਆਪਣੀ ਮਸ਼ਹੂਰੀ ‘ਤੇ 4400 ਕਰੋੜ ਰੁਪਏ ਖ਼ਰਚ ਦਿੱਤੇ ਹਨ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਸਰਕਾਰ ਕੋਲ ਅਰਵਿੰਦ ਕੇਜਰੀਵਾਲ ਨੂੰ ਕਿਰਾਏ ਦੇ ਜਹਾਜ਼ਾਂ ਰਾਹੀਂ ਪੂਰੇ ਭਾਰਤ 'ਚ ਘੁੰਮਾਉਣ ਲਈ ਬਹੁਤ ਪੈਸਾ ਹੈ ਪਰ ਆਪਣੇ ਮੁਲਾਜ਼ਮਾਂ ਲਈ ਖਜ਼ਾਨਾ ਖ਼ਾਲੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹਾਂ ਦੇ ਸੀਜ਼ਨ 'ਚ ਪਿਆ ਪੰਗਾ! ਆਰਡਰ ਨਹੀਂ ਲੈ ਰਹੇ ਹਲਵਾਈ, LPG ਗੈਸ ਸੰਕਟ ਕਾਰਨ...
ਸੁਖਬੀਰ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਾਰੇ ਬਕਾਏ ਅਦਾ ਕਰਨ ਲਈ 30 ਅਪ੍ਰੈਲ ਦੀ ਸਮਾਂ ਸੀਮਾ ਤੈਅ ਕਰਨ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ‘ਆਪ’ ਸਰਕਾਰ ਵੱਲੋਂ ਸੂਬੇ ਦੇ ਫੰਡਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਫ਼ਤ ਰਾਹਤ ਲਈ ਰੱਖੇ ਗਏ 12,500 ਕਰੋੜ ਰੁਪਏ ਦੀ ਦੁਰਵਰਤੋਂ ਕੀਤੀ ਗਈ ਸੀ ਅਤੇ ਹੁਣ ਮੁਲਾਜ਼ਮਾਂ ਦੇ ਹੱਕ ਦਾ ਪੈਸਾ ਪਾਰਟੀ ਪ੍ਰਚਾਰ 'ਤੇ ਖ਼ਰਚਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
