ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, ਕਿਹਾ-ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂਗਾ
Wednesday, Mar 11, 2026 - 11:59 AM (IST)
ਚੰਡੀਗੜ੍ਹ (ਅੰਕੁਰ ਤਾਂਗੜੀ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਾਈਵ ਹੋ ਕੇ ਤਿੱਖੀ ਟਿੱਪਣੀ ਕਰਦਿਆਂ ਦੋਸ਼ ਲਾਇਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਕੀਤੀ ਗਈ ਇਕ ਸਪੀਚ ਵਿੱਚ ਉਨ੍ਹਾਂ ਨੇ ਔਰਤਾਂ ਬਾਰੇ ਗਲਤ ਸ਼ਬਦ ਵਰਤੇ। ਖਹਿਰਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਵੀਡੀਓ ਕਲਿੱਪ ਸਮੇਤ ਸ਼ਿਕਾਇਤ ਮਹਿਲਾ ਕਮਿਸ਼ਨ ਕੋਲ ਭੇਜ ਰਹੇ ਹਨ ਤਾਂ ਜੋ ਇਸ ਦੀ ਜਾਂਚ ਹੋ ਸਕੇ। ਖਹਿਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਅਤੇ ਕਾਰਕੁਨਾਂ ਵੱਲੋਂ ਵੀ ਔਰਤਾਂ ਬਾਰੇ ਅਪਮਾਨਜਨਕ ਬਿਆਨ ਦਿੱਤੇ ਗਏ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਪੁਰਾਣੀਆਂ ਆਡੀਓ-ਵੀਡੀਓਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ।
ਇਸ ਤੋਂ ਇਲਾਵਾ ਖਹਿਰਾ ਨੇ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਲਈ ਐਲਾਨੀ ਗਈ ਹਜ਼ਾਰ ਰੁਪਏ ਦੀ ਮਦਦ ਯੋਜਨਾ ਦੇ ਨਾਂ ‘ਤੇ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਭੰਗੜੇ ਪਾਉਣ ਵਾਲੀਆਂ ਔਰਤਾਂ ਨੂੰ ਆਮ ਪੰਜਾਬੀ ਔਰਤਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਖਹਿਰਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਔਰਤਾਂ ਦੀ ਪਛਾਣ ਜਨਤਕ ਕਰੇ ਜੋ ਭੰਗੜੇ ਪਾਉਂਦੀਆਂ ਵਿਖਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ
ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਉਂਦੇ ਕਿਹਾ ਕਿ ਮੇਰੀ ਗੈਰ-ਹਾਜ਼ਰੀ ਵਿਚ ਚੋਰਾਂ ਵਾਂਗ ਇਕ ਮਤਾ ਪਾਸ ਕੀਤਾ ਗਿਆ। ਅੱਜ ਮੈਂ ਸਪੀਕਰ ਨੂੰ ਪੁੱਛਾਂਗਾ ਕਿ ਕੀ ਉਹ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਮਤਾ ਲੈ ਕੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਔਰਤਾਂ ਦੀ ਇਕੱਲੀ ਤੌਹੀਨ ਹੀ ਨਹੀਂ ਕੀਤੀ ਸਗੋਂ ਪਟੋਲਾ, ਭਾਬੀ ਵਾਂਗ ਕਹਿ ਕੇ ਸੰਬੋਧਨ ਤੱਕ ਕਰ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਮੈਂ ਇਕ ਯੂ-ਟਿਊਬਰ ਦੀ ਵੀਡੀਓ ਹੀ ਸ਼ੇਅਰ ਕੀਤੀ ਸੀ। ਨਾ ਤਾਂ ਮੈਂ ਪਹਿਲਾਂ ਕਿਸੇ ਤੋਂ ਡਰਿਆ ਹਾਂ ਅਤੇ ਨਾ ਹੀ ਹੁਣ ਡਰਾਂਗਾ ਤੇ ਨਾ ਮੈਂ ਝੁਕਾਂਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਮਾਈ ਭਾਗੋ ਦੀਆਂ ਵਾਰਸ ਹਨ ਅਤੇ ਉਨ੍ਹਾਂ ਦੀ ਇੱਜ਼ਤ ਅਤੇ ਸੰਘਰਸ਼ ਦੀ ਪਰੰਪਰਾ ਬਹੁਤ ਵੱਡੀ ਹੈ। ਖਹਿਰਾ ਦਾ ਕਹਿਣਾ ਸੀ ਕਿ ਕੋਈ ਵੀ ਸਵਾਭਿਮਾਨੀ ਔਰਤ ਝੂਠੇ ਪ੍ਰਚਾਰ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਵੇਗੀ। ਇਸ ਦੇ ਨਾਲ ਹੀ ਖਹਿਰਾ ਨੇ ਦੋਸ਼ ਲਾਇਆ ਕਿ ਸਰਕਾਰ ਦੇ ਆਈ. ਟੀ. ਸੈੱਲ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਫੇਕ ਪੋਸਟਰ ਅਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਨਾ ਪਹਿਲਾਂ ਡਰੇ ਹਨ ਅਤੇ ਨਾ ਹੀ ਹੁਣ ਡਰਣਗੇ ਅਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
