ਰਾਸ਼ਨ ਕਾਰਡਧਾਰੀਆਂ ਨੂੰ ਕਣਕ ਵੰਡਣ ਦੇ ਮਾਮਲੇ ’ਚ ਪੱਛੜਿਆ ਮਹਾਨਗਰ, ਟਾਪ ’ਤੇ ਰਹਿਣ ਪਿੱਛੋਂ ਹੁਣ 9ਵੇਂ ਨੰਬਰ ’ਤੇ ਪੁੱਜਾ
Thursday, Mar 19, 2026 - 10:04 AM (IST)
ਲੁਧਿਆਣਾ (ਖੁਰਾਣਾ) : ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪੰਜਾਬ ਭਰ ਦੇ 23 ਵੱਖ-ਵੱਖ ਜ਼ਿਲਿਆਂ ਵਿਚ ਲਾਭਪਾਤਰ ਪਰਿਵਾਰਾਂ ਦੇ ਰਸੋਈ ਘਰਾਂ ਤੱਕ ਮੁਫਤ ਕਦਕ ਦਾ ਲਾਭ ਪੁੱਜਣ ਦੇ ਮਾਮਲੇ ਵਿਚ ਮੌਜੂਦਾ ਸਮੇਂ ਦੌਰਾਨ ਲੁਧਿਆਣਾ ਜ਼ਿਲਾ ਬੁਰੀ ਤਰ੍ਹਾਂ ਪੱਛੜ ਗਿਆ ਹੈ। ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਟਾਪ ’ਤੇ ਰਹਿਣ ਤੋਂ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਰਾਸ਼ਨ ਕਾਰਡ ਧਾਰੀਆਂ ਨੂੰ ਉਨ੍ਹਾਂ ਦੇ ਹਿੱਸੇ ਦਾ ਕਣਕ ਪਹੁੰਚਾਉਣ ਦੇ ਮਾਮਲੇ ਵਿਚ ਹੁਣ ਤਿਲਕ ਕੇ ਨੌਵੇਂ ਨੰਬਰ ’ਤੇ ਰਹਿ ਗਈ ਹੈ ਜੋ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਲਈ ਮੰਥਨ ਕਰਨ ਦਾ ਵਿਸ਼ਾ ਹੈ ਕਿ ਆਖਰ ਗਲਤੀ ਕਿੱਥੇ ਹੋਈ ਹੈ ਅਤੇ ਕਿਉਂ ਨੰਬਰ –1 ਦਾ ਤਾਜ ਪਹਿਨਣ ਵਾਲਾ ਖੁਰਾਕ ਸਪਲਾਈ ਵਿਭਾਗ ਦਾ ਲੁਧਿਆਣਾ ਜ਼ਿਲਾ ਲੁੜਕ ਕੇ ਇੰਨਾ ਥੱਲੇ ਆ ਡਿੱਗਾ ਹੈ। ਕੀ ਇਨ੍ਹਾਂ ਪਿੱਛੇ ਖੁਰਾਕ ਸਪਲਾਈ ਵਿਭਾਗ ਕੇ ਕੰਟ੍ਰੋਲਰਾਂ ਸਰਤਾਜ ਸਿੰਘ ਚੀਮਾ ਅਤੇ ਲੰਬਿਤ ਸਿੰਘ ਸਮੇਤ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਚ ਆਪਸੀ ਤਾਲਮੇਲ ਦੀ ਕਮੀ ਰਹੀ ਹੈ ਜਾਂ ਫਿਰ ਟੀਮ ਦੀ ਲਾਪ੍ਰਵਾਹੀ ਕਾਰਨ ਵਿਭਾਗ ਦੇ ਹੱਥ ਇੰਨੀ ਵੱਡੀ ਨਾਕਾਮਯਾਬੀ ਲੱਗੀ ਹੈ ਜੋ ਕਿ ਚਿੰਤਾ ਤੇ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਟੋਲ ਪਲਾਜ਼ਾ 'ਤੇ ਕੀਤੀ ਇਹ ਗਲਤੀ ਤਾਂ 72 ਘੰਟਿਆਂ 'ਚ ਦੁੱਗਣੇ ਭਰਨੇ ਪੈਣਗੇ ਪੈਸੇ ! ਇਹ ਨਵੇਂ ਨਿਯਮ ਵੀ ਹੋਏ ਜਾਰੀ
ਖੁਰਾਕ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਰਾਸ਼ਨ ਕਾਰਡਧਾਰੀਆਂ ਵਿਚ ਵੰਡੀ ਜਾ ਰਹੀ ਮੁਫਤ ਕਣਕ ਦੇ ਮਾਮਲੇ ਵਿਚ ਮਾਨਸਾ ਜ਼ਿਲੇ ਨੇ ਪਹਿਲੇ ਨੰਬਰ ’ਤੇ ਬਾਜ਼ੀ ਮਾਰੀ ਹੈ, ਜੋ ਆਪਣੇ-ਆਪ ਵਿਚ ਹੈਰਾਨ ਕਰ ਦੇਣ ਵਾਲੇ ਅੰਕੜੇ ਹਨ। ਮਾਹਰਾਂ ਮੁਤਾਬਕ ਖੁਰਾਕ ਸਪਲਾਈ ਵਿਭਾਗ ਦੀ ਤੇਜ਼ ਤਰਾਰ ਲੇਡੀ ਸਿੰਘਮ ਕੰਟ੍ਰੋਲਰ ਸ਼ਿਫਾਲੀ ਚੋਪੜਾ ਦੇ ਕਾਰਜਕਾਲ ਦੌਰਾਨ ਨਾ ਸਿਰਫ ਰਾਸ਼ਨ ਕਾਰਡਧਾਰੀਆਂ ਨੂੰ ਕਣਕ ਵੰਡਣ ਦੇ ਮਾਮਲੇ ਵਿਚ ਸਗੋਂ ਲੁਧਿਆਣਾ ਜ਼ਿਲੇ ਨਾਲ ਸਬੰਧਤ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕਣਕ ਅਤੇ ਝੋਨੇ ਦੇ ਫਸਲੀ ਸੀਜ਼ਨ ਦੌਰਾਨ ਵੀ ਜ਼ਿਲਾ ਹਮੇਸ਼ਾ ਟਾਪ ਪੋਜ਼ੀਸ਼ਨ ’ਤੇ ਬਾਜ਼ੀ ਮਾਰਦਾ ਰਿਹਾ ਹੈ, ਜਿਸ ਨੂੰ ਲੈ ਕੇ ਖੁਰਾਕ ਸਪਲਾਈ ਵਿਭਾਗ ਦੇ ਚੰਡੀਗੜ੍ਹ ਸਥਿਤ ਹੈੱਡ ਕਵਾਟਰ ਦੇ ਦਫਤਰ ਵਿਚ ਤਾਇਨਾਤ ਉੱਚ ਅਧਿਕਾਰੀਆਂ ਵੱਲੋਂ ਸ਼ਿਫਾਲੀ ਚੋਪੜਾ ਨੂੰ ਐਪ੍ਰੀਸੀਏਸ਼ਨ ਪੱਤਰ ਨਾਲ ਨਿਵਾਜਣ ਸਮੇਤ ਸਮੇਂ-ਸਮੇਂ ’ਤੇ ਉਨ੍ਹਾਂ ਦੀ ਟੀਮ ਦੀ ਪਿੱਠ ਵੀ ਥਾਪੜੀ ਜਾਂਦੀ ਰਹੀ ਹੈ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਲੁਧਿਆਣਾ ਤੋਂ ਹੋਈ ਬਦਲੀ ਤੋਂ ਬਾਅਦ ਹਾਲਾਤ ਬਿਲਕੁਲ ਬਦਲਦੇ ਨਜ਼ਰ ਆ ਰਹੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲੇ ਵਿਚ ਕੁਲ 4,40,672 ਰਾਸ਼ਨ ਕਾਰਡਧਾਰੀ ਹਨ ਜਿਨ੍ਹਾਂ ਵਿਚੋਂ ਮੌਜੂਦਾ ਸਮੇਂ ਤੱਕ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ਦੇ ਕਰੀਬ 1800 ਰਾਸ਼ਨ ਡਿਪੂ ਹੋਲਡਰਾਂ ਰਾਹੀਂ 3,87371 ਪਰਿਵਾਰਾਂ ਨੂੰ ਕਣਕ ਦਾ ਲਾਭ ਪਹੁੰਚਾਇਆ ਗਿਆ ਹੈ, ਜੋ ਕਿ ਕੁਲ 87.90 ਫੀਸਦੀ ਦੇ ਕਰੀਬ ਬੈਠਦਾ ਹੈ। ਜਦ ਕਿ 53,000 ਤੋਂ ਜ਼ਿਆਦਾ ਪਰਿਵਾਰ ਅਜੇ ਵੀ ਆਪਣੇ ਹਿੱਸੇ ਦੀ ਕਣਕ ਨਹੀਂ ਲੈ ਸਕੇ ਹਨ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾ ਨਾਲ ਜੁੜੇ ਪਰਿਵਾਰਾਂ ਤੱਕ ਕਣਕ ਪਹੁੰਚਾਉਣ ਦਾ ਆਖਰੀ ਸਮਾਂ 31 ਮਾਰਚ ਤੱਕ ਨਿਰਧਾਰਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ! ਕਿਸਾਨ ਦਾ ਸਿਰ 'ਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ
ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ ਪਹਿਲੀਆਂ 10 ਥਾਵਾਂ ’ਤੇ ਆਏ ਜ਼ਿਲ੍ਹਿਆਂ ਦਾ ਬਿਓਰਾ
ਜ਼ਿਲ੍ਹਾ - ਫੀਸਦੀ
ਮਾਨਸਾ-93.71
ਬਰਨਾਲਾ-92.11
ਸ੍ਰੀ ਮੁਕਤਸਰ ਸਾਹਿਬ-91.49
ਪਟਿਆਲਾ-91.13
ਬਠਿੰਡਾ-91.01
ਫਰੀਦਕੋਟ-90.06
ਸੰਗਰੂਰ-89.09
ਫਤਿਹਗੜ੍ਹ ਸਾਹਿਬ-88.12
ਲੁਧਿਆਣਾ-87.90
ਰੂਪ ਨਗਰ-86.94
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
