ਸੁਖਪਾਲ ਖਹਿਰਾ ਦਾ CM ਮਾਨ 'ਤੇ ਤਿੱਖਾ ਤੰਜ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਖੀ ਵੱਡੀ ਗੱਲ

Tuesday, Mar 10, 2026 - 04:28 PM (IST)

ਸੁਖਪਾਲ ਖਹਿਰਾ ਦਾ CM ਮਾਨ 'ਤੇ ਤਿੱਖਾ ਤੰਜ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਖੀ ਵੱਡੀ ਗੱਲ

ਚੰਡੀਗੜ੍ਹ (ਅੰਕੁਰ ਤਾਂਗੜੀ) : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੰਜਾਬ ਸਰਕਾਰ ਅਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ। ਖਹਿਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ 'ਚ ਉਨ੍ਹਾਂ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਲਾਈਵ ਦੌਰਾਨ ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕੀਤੀ ਗਈ ਅਤੇ ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਉਨ੍ਹਾਂ ਨੇ ਔਰਤਾਂ ਦੀ ਤੌਹੀਨ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹਰ ਇਕ ਗੱਲ ਦਾ ਜਵਾਬ ਦੇਣ ਲਈ ਤਿਆਰ ਹਨ ਅਤੇ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਮਿਲੇ ਤਾਂ ਉਹ ਆਪਣੀ ਪੂਰੀ ਗੱਲ ਸਪਸ਼ਟ ਤੌਰ ‘ਤੇ ਰੱਖਣਗੇ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਹ ਸੱਤਾ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਔਰਤਾਂ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਸੀ, ਖ਼ਾਸ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ। ਉਨ੍ਹਾਂ ਕਿਹਾ ਕਿ ਜਿਸ ਦਿਨ ਦੁਨੀਆ ਭਰ 'ਚ ਔਰਤਾਂ ਦੇ ਸਨਮਾਨ ਦੀ ਗੱਲ ਕੀਤੀ ਜਾਂਦੀ ਹੈ, ਉਸ ਦਿਨ ਮੁੱਖ ਮੰਤਰੀ ਨੇ ਇੱਕ ਸਮਾਗਮ 'ਚ ਆਪਣੇ ਕਾਲਜ ਦੇ ਦਿਨਾਂ ਨਾਲ ਜੁੜੀ ਇਕ ਕਹਾਣੀ ਸੁਣਾਈ, ਜਿਸ 'ਚ ਉਨ੍ਹਾਂ ਨੇ ਇੱਕ ਕੁੜੀ ਬਾਰੇ ਅਜਿਹੇ ਸ਼ਬਦ ਵਰਤੇ, ਜੋ ਔਰਤਾਂ ਲਈ ਅਪਮਾਨਜਨਕ ਸਨ।

ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵਿਗੜਨ ਦੇ ਆਸਾਰ

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਕਹਾਣੀ 'ਚ ਕਿਹਾ ਕਿ ਕਾਲਜ 'ਚ ਉਹ ਅਤੇ ਉਨ੍ਹਾਂ ਦੇ ਦੋਸਤ ਪੜ੍ਹਾਈ ਕਰਨ ਦੀ ਬਜਾਏ ਮਸਤੀ ਕਰਨ ਜਾਂਦੇ ਸਨ ਅਤੇ ਇੱਕ ਕੁੜੀ ਬਾਰੇ ਉਹ ਦੋਸਤਾਂ ਨਾਲ ਮਜ਼ਾਕ ਕਰਦੇ ਸਨ। ਖਹਿਰਾ ਦਾ ਕਹਿਣਾ ਹੈ ਕਿ ਇਹ ਗੱਲਾਂ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ‘ਤੇ ਔਰਤਾਂ ਦੀ ਤੌਹੀਨ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਤਾਂ ਪਹਿਲਾਂ ਮੁੱਖ ਮੰਤਰੀ ਨੂੰ ਆਪਣੇ ਬਿਆਨਾਂ ਦੀ ਵਿਆਖਿਆ ਦੇਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਜਾ ਕੇ ਆਪਣੀ ਗੱਲ ਪੂਰੇ ਜ਼ੋਰ ਨਾਲ ਰੱਖਣਗੇ, ਚਾਹੇ ਸਰਕਾਰ ਉਨ੍ਹਾਂ ਦੇ ਖ਼ਿਲਾਫ਼ ਕਿੰਨੇ ਵੀ ਪ੍ਰਸਤਾਵ ਕਿਉਂ ਨਾ ਲਿਆਵੇ। ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਨੂੰ ਰਾਜਨੀਤਿਕ ਤੌਰ ‘ਤੇ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖਿਲਾਫ ਪਹਿਲਾਂ ਹੀ ਕਈ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਭੇਜਿਆ ਗਿਆ। ਹੁਣ ਵਿਧਾਨ ਸਭਾ ਵਿੱਚ ਵੀ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਖਹਿਰਾ ਨੇ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਉਹਨਾਂ ਨੂੰ ਵਿਧਾਨ ਸਭਾ ਤੋਂ ਸਸਪੈਂਡ ਕਰ ਸਕਦੀ ਹੈ ਜਾਂ ਉਨ੍ਹਾਂ ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਕਰ ਸਕਦੀ ਹੈ ਪਰ ਉਹ ਆਪਣੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਣਗੇ। ਲਾਈਵ ਦੌਰਾਨ ਖਹਿਰਾ ਨੇ ਭਗਵੰਤ ਮਾਨ ਦੇ ਨਿੱਜੀ ਜੀਵਨ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਦੂਜਿਆਂ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵਿਵਹਾਰ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖਹਿਰਾ ਨੇ ਉਸ ਮਾਮਲੇ ਦਾ ਵੀ ਜ਼ਿਕਰ ਕੀਤਾ, ਜਿਸ ਕਾਰਨ ਵਿਵਾਦ ਸ਼ੁਰੂ ਹੋਇਆ।

ਇਹ ਵੀ ਪੜ੍ਹੋ : ਪੰਜਾਬ : ਪੇਪਰਾਂ ਦੌਰਾਨ ਸਕੂਲਾਂ 'ਚ 'ਬੰਬ'! ਪੈ ਗਈਆਂ ਭਾਜੜਾਂ (ਵੀਡੀਓ)

ਉਨ੍ਹਾਂ ਕਿਹਾ ਕਿ ਇੱਕ ਯੂ-ਟਿਊਬਰ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਕੁੱਝ ਔਰਤਾਂ ਨੇ ਸਰਕਾਰ ਵੱਲੋਂ ਹਜ਼ਾਰ ਰੁਪਏ ਦੀ ਯੋਜਨਾ ਦੇ ਐਲਾਨ ‘ਤੇ ਭੰਗੜਾ ਪਾਇਆ। ਖਹਿਰਾ ਦੇ ਮੁਤਾਬਕ ਉਨ੍ਹਾਂ ਨੇ ਸਿਰਫ਼ ਉਹੀ ਪੋਸਟ ਸਾਂਝੀ ਕੀਤੀ ਸੀ ਪਰ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਔਰਤਾਂ ਦੀ ਬਹਾਦਰੀ ਨਾਲ ਭਰਿਆ ਪਿਆ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਦੀ ਮਹਾਨ ਯੋਧਾ ਮਾਈ ਭਾਗੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੇ ਹਮੇਸ਼ਾ ਜੰਗ ਦੇ ਮੈਦਾਨ 'ਚ ਵੀ ਹਿੰਮਤ ਦਿਖਾਈ ਹੈ ਅਤੇ ਉਨ੍ਹਾਂ ਦੀ ਤੁਲਨਾ ਕਿਸੇ ਵੀ ਛੋਟੀ ਰਾਜਨੀਤਿਕ ਗੱਲ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮਾਈ ਭਾਗੋ ਨੇ ਮੁਕਤਸਰ ਦੀ ਲੜਾਈ ਦੌਰਾਨ 40 ਮੁਕਤਿਆਂ ਨਾਲ ਮਿਲ ਕੇ ਮੁਗਲ ਫ਼ੌਜ ਦਾ ਸਾਹਮਣਾ ਕੀਤਾ ਸੀ ਅਤੇ ਇਹ ਪੰਜਾਬ ਦੀਆਂ ਔਰਤਾਂ ਦੀ ਸ਼ੂਰਵੀਰਤਾ ਦਾ ਪ੍ਰਤੀਕ ਹੈ। ਖਹਿਰਾ ਨੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨੂੰ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ 'ਚ ਹਿੰਮਤ ਹੈ ਤਾਂ ਉਹ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਔਰਤਾਂ ਬਾਰੇ ਅਜਿਹੀ ਟਿੱਪਣੀ ਕਿਉਂ ਕੀਤੀ। ਅਖ਼ੀਰ 'ਚ ਖਹਿਰਾ ਨੇ ਕਿਹਾ ਕਿ ਉਹ ਕੱਲ੍ਹ ਵਿਧਾਨ ਸਭਾ 'ਚ ਜਾ ਕੇ ਆਪਣੀ ਪੂਰੀ ਗੱਲ ਰੱਖਣਗੇ ਅਤੇ ਸਰਕਾਰ ਦੇ ਹਰ ਦੋਸ਼ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸੱਚ ਬੋਲਣ ਤੋਂ ਨਹੀਂ ਡਰਦੇ ਅਤੇ ਪੰਜਾਬ ਦੇ ਮੁੱਦਿਆਂ ‘ਤੇ ਆਪਣੀ ਆਵਾਜ਼ ਉਠਾਉਂਦੇ ਰਹਿਣਗੇ, ਭਾਵੇਂ ਉਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News