ਘਰ ਵਿਚ ਪੋਸਤ ਦੀ ਗੈਰਕਾਨੂੰਨੀ ਖੇਤੀ ਕਰਨ ਵਾਲਾ ਮੁਲਜ਼ਮ ਕਾਬੂ, 4 ਕਿਲੋ 678 ਗ੍ਰਾਮ ਪੋਸਤ ਬਰਾਮਦ

Thursday, Mar 19, 2026 - 04:30 PM (IST)

ਘਰ ਵਿਚ ਪੋਸਤ ਦੀ ਗੈਰਕਾਨੂੰਨੀ ਖੇਤੀ ਕਰਨ ਵਾਲਾ ਮੁਲਜ਼ਮ ਕਾਬੂ, 4 ਕਿਲੋ 678 ਗ੍ਰਾਮ ਪੋਸਤ ਬਰਾਮਦ

ਫਰੀਦਕੋਟ (ਰਾਜਨ) : ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਆਪਣੇ ਘਰ ਵਿਚ ਗੈਰਕਾਨੂੰਨੀ ਤਰੀਕੇ ਨਾਲ ਪੋਸਤ ਦੀ ਖੇਤੀ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਹਰਦੇਵ ਸਿੰਘ (ਚੌਂਕੀ ਇੰਚਾਰਜ ਕਲੇਰ) ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਗਸ਼ਤ ਕਰਦੇ ਹੋਏ ਬੱਸ ਅੱਡਾ ਪਿੰਡ ਢੁੱਡੀ ਪਹੁੰਚੇ। ਇਸ ਦੌਰਾਨ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਨਸੀਬ ਸਿੰਘ ਉਰਫ਼ ਸੀਪਾ ਵਾਸੀ ਪਿੰਡ ਢੁੱਡੀ, ਜ਼ਿਲ੍ਹਾ ਫਰੀਦਕੋਟ ਨੇ ਆਪਣੇ ਘਰ ਵਿਚ ਪੋਸਤ ਦੇ ਪੌਦੇ ਲਗਾਏ ਹੋਏ ਹਨ ਅਤੇ ਉਹ ਪੌਦਿਆਂ ਦੀਆਂ ਡੋਡੀਆਂ ਨੂੰ ਪੱਚ ਲਗਾ ਰਿਹਾ ਹੈ। ਮੁਖ਼ਬਰ ਨੇ ਦੱਸਿਆ ਕਿ ਜੇ ਤੁਰੰਤ ਰੇਡ ਕੀਤੀ ਜਾਵੇ ਤਾਂ ਉਸਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ।

ਇਸ ਜਾਣਕਾਰੀ ਦੇ ਆਧਾਰ ’ਤੇ ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਦੇ ਘਰ ’ਤੇ ਰੇਡ ਕੀਤੀ ਗਈ। ਰੇਡ ਦੌਰਾਨ ਮੁਲਜ਼ਮ ਨੂੰ ਘਰ ਦੇ ਵੇਹੜੇ ਵਿਚ ਪੋਸਤ ਦੇ ਪੌਦਿਆਂ ਕੋਲੋਂ ਕਾਬੂ ਕਰ ਲਿਆ ਗਿਆ। ਪੁਲਸ ਵੱਲੋਂ ਪੌਦਿਆਂ ਨੂੰ ਪੁੱਟ ਕੇ ਗੱਟੇ ਵਿਚ ਪਾ ਕੇ ਵਜ਼ਨ ਕੀਤਾ ਗਿਆ ਤਾਂ ਕੁੱਲ ਵਜ਼ਨ ਗੱਟੇ ਸਮੇਤ 4 ਕਿਲੋ 678 ਗ੍ਰਾਮ ਨਿਕਲਿਆ। ਪੁਲਸ ਵੱਲੋਂ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਉਸਦੇ ਖ਼ਿਲਾਫ਼ NDPS ਐਕਟ ਤਹਿਤ ਥਾਣਾ ਸਦਰ ਫਰੀਦਕੋਟ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।


author

Gurminder Singh

Content Editor

Related News