ਨਵੀਂ ਐਕਸਾਈਜ਼ ਪਾਲਿਸੀ 2026-27: ਲੁਧਿਆਣਾ ਦੇ 44 ’ਚੋਂ 32 ਸ਼ਰਾਬ ਦੇ ਠੇਕੇ ਰੀਨਿਊ, ਲਾਇਸੈਂਸ ਫੀਸ ''ਚ ਵਾਧਾ
Sunday, Mar 15, 2026 - 11:08 AM (IST)
ਲੁਧਿਆਣਾ (ਸੇਠੀ) : ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਤਹਿਤ ਸਾਲ 2026-27 ਲਈ ਸ਼ਰਾਬ ਦੇ ਠੇਕਿਆਂ ਦੇ ਨਵੀਨੀਕਰਨ (ਰੀਨਿਊਅਲ) ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਲੁਧਿਆਣਾ ਦੇ ਕਈ ਲਾਇਸੈਂਸ ਧਾਰਕਾਂ ਨੇ ਨਵੇਂ ਨਿਯਮਾਂ ਤਹਿਤ ਆਪਣੇ ਠੇਕੇ ਸਫਲਤਾਪੂਰਵਕ ਰੀਨਿਊ ਕਰਵਾ ਲਏ ਹਨ। ਵਿਭਾਗੀ ਜਾਣਕਾਰੀ ਮੁਤਾਬਕ ਇਸ ਵਾਰ ਲਾਇਸੈਂਸ ਫੀਸ ’ਚ 6.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਦੋਂਕਿ ਹੋਰ ਖਰਚਿਆਂ ਸਮੇਤ ਇਹ ਕੁੱਲ ਵਾਧਾ 7.1 ਫੀਸਦੀ ਤੱਕ ਤੈਅ ਹੋਇਆ ਹੈ। ਸੂਤਰਾਂ ਅਨੁਸਾਰ ਲੁਧਿਆਣਾ ਜ਼ਿਲੇ ’ਚ ਇਸ ਵਾਰ ਸ਼ਰਾਬ ਦੇ ਠੇਕਿਆਂ ਦੇ ਕੁੱਲ 44 ਗਰੁੱਪ ਬਣਾਏ ਗਏ ਹਨ। ਇਨ੍ਹਾਂ ’ਚੋਂ 31 ਗਰੁੱਪ ਨਗਰ ਨਿਗਮ (ਐੱਮ. ਸੀ.) ਖੇਤਰ ਅਧੀਨ ਆਉਂਦੇ ਹਨ ਅਤੇ 13 ਗਰੁੱਪ ਪੇਂਡੂ ਖੇਤਰਾਂ ਲਈ ਹਨ। ਹੁਣ ਤੱਕ 32 ਗਰੁੱਪਾਂ ਦੇ ਠੇਕੇ ਰੀਨਿਊ ਹੋ ਚੁੱਕੇ ਹਨ, ਜਦੋਂਕਿ 12 ਗਰੁੱਪ ਅਜੇ ਬਾਕੀ ਹਨ। ਐਕਸਾਈਜ਼ ਵਿਭਾਗ ਦਾ ਕਹਿਣਾ ਹੈ ਕਿ ਜਿਹੜੇ ਗਰੁੱਪ ਰੀਨਿਊ ਨਹੀਂ ਹੋਏ, ਉਨ੍ਹਾਂ ਦੀ ਅਲਾਟਮੈਂਟ ਹੁਣ ਈ-ਟੈਂਡਰਿੰਗ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਦੇਸੀ ਸ਼ਰਾਬ 20-30 ਰੁਪਏ ਤੱਕ ਮਹਿੰਗੀ ਹੋਣ ਦੀ ਸੰਭਾਵਨਾ
ਐਕਸਾਈਜ਼ ਫੀਸ ’ਚ ਹੋਏ ਵਾਧੇ ਕਾਰਨ ਸ਼ਰਾਬ ਦੀਆਂ ਕੀਮਤਾਂ ਵਧਣ ਦੇ ਆਸਾਰ ਹਨ। ਕਾਰੋਬਾਰੀਆਂ ਅਨੁਸਾਰ ਵਧੇ ਹੋਏ ਸੰਚਾਲਨ ਖਰਚਿਆਂ ਕਾਰਨ ਦੇਸੀ ਸ਼ਰਾਬ ਦੀ ਬੋਤਲ ’ਤੇ 20 ਤੋਂ 30 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ ’ਚ ਵੀ ਉਛਾਲ ਦੇਖਣ ਨੂੰ ਮਿਲ ਸਕਦਾ ਹੈ।
ਦੀਪ ਨਗਰ ’ਚ ਨਵੇਂ ਠੇਕੇ ਦਾ ਵਿਰੋਧ
ਮਹਾਨਗਰ ਦੇ ਦੀਪ ਨਗਰ ਇਲਾਕੇ ’ਚ ਰਿਹਾਇਸ਼ੀ ਖੇਤਰ ਅੰਦਰ ਨਵਾਂ ਠੇਕਾ ਖੁੱਲ੍ਹਣ ’ਤੇ ਸਥਾਨਕ ਨਿਵਾਸੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਲੋਕਾਂ ਨੇ ਖਦਸ਼ਾ ਜਤਾਇਆ ਕਿ ਰਿਹਾਇਸ਼ੀ ਖੇਤਰ ’ਚ ਠੇਕਾ ਖੁੱਲ੍ਹਣ ਨਾਲ ਮਾਹੌਲ ਖਰਾਬ ਹੋਵੇਗਾ। ਭਾਰੀ ਵਿਰੋਧ ਨੂੰ ਦੇਖਦਿਆਂ ਫਿਲਹਾਲ ਇਸ ਠੇਕੇ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
