ਲੁਧਿਆਣਾ ''ਚ ਲੁਟੇਰਿਆਂ ਦੀ ਛਿੱਤਰ-ਪਰੇਡ! ਪੁਲਸ ਦੇ ਸਾਹਮਣੇ ਹੋਈ ਕੁੱਟਮਾਰ

Saturday, Feb 21, 2026 - 06:44 PM (IST)

ਲੁਧਿਆਣਾ ''ਚ ਲੁਟੇਰਿਆਂ ਦੀ ਛਿੱਤਰ-ਪਰੇਡ! ਪੁਲਸ ਦੇ ਸਾਹਮਣੇ ਹੋਈ ਕੁੱਟਮਾਰ

ਲੁਧਿਆਣਾ (ਰਾਜ): ਮਹਾਨਗਰ ਵਿਚ ਸਨੈਚਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਪਰ ਚੰਦਰ ਨਗਰ ਵਿਚ ਜਨਤਾ ਦਾ ਗੁੱਸਾ ਇਨ੍ਹਾਂ ਲੁਟੇਰਿਆਂ 'ਤੇ ਭਾਰੀ ਪੈ ਗਿਆ। ਮਿਲੀ ਜਾਣਕਾਰੀ ਅਨੁਸਾਰ ਐਕਟਿਵਾ 'ਤੇ ਸਵਾਰ ਹੋ ਕੇ ਆਏ ਦੋ ਸ਼ਾਤਰ ਚੋਰਾਂ ਨੇ ਚਿੱਟੀ ਕੋਠੀ ਦੇ ਕੋਲ ਇਕ ਪ੍ਰਵਾਸੀ ਮਜ਼ਦੂਰ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦਾ ਮੋਬਾਈਲ ਖੋਹ ਕੇ ਭੱਜਣ ਦੀ ਫਿਰਾਕ ਵਿਚ ਸਨ। ਇਸੇ ਦੌਰਾਨ ਇਕ ਬਹਾਦਰ ਰਾਹਗੀਰ ਨੇ ਆਪਣੀ ਐਕਟਿਵਾ ਲੁਟੇਰਿਆਂ ਦੀ ਐਕਟਿਵਾ ਵਿਚ ਮਾਰ ਦਿੱਤੀ, ਜਿਸ ਨਾਲ ਦੋਵੇਂ ਸੰਤੁਲਨ ਗੁਆ ਕੇ ਸੜਕ 'ਤੇ ਡਿੱਗ ਪਏ। ਸ਼ੋਰ ਮੱਚਦਿਆਂ ਹੀ ਮੁਹੱਲਾ ਨਿਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਦੋਵਾਂ ਨੂੰ ਚਾਰੇ ਪਾਸਿਓਂ ਘੇਰ ਲਿਆ।

ਘਟਨਾ ਦੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਫੜੇ ਗਏ ਦੋਵੇਂ ਚੋਰ ਜ਼ਮੀਨ 'ਤੇ ਹੱਥ ਜੋੜ ਕੇ ਗਿੜਗਿੜਾ ਰਹੇ ਹਨ ਅਤੇ ਪਿੱਛੇ ਤੋਂ ਲੋਕ ਚੀਕ ਰਹੇ ਹਨ ਕਿ ਇਨ੍ਹਾਂ ਨੇ ਗਰੀਬ ਪ੍ਰਵਾਸੀ ਭਰਾ ਦਾ ਫ਼ੋਨ ਖੋਹਿਆ ਹੈ। ਇਸੇ ਗਹਿਮਾ-ਗਹਿਮੀ ਦੇ ਵਿਚਕਾਰ ਭੀੜ ਵਿੱਚੋਂ ਇੱਕ ਵਿਅਕਤੀ ਡੰਡਾ ਲੈ ਕੇ ਆਉਂਦਾ ਹੈ ਅਤੇ ਉਨ੍ਹਾਂ 'ਤੇ ਤਾਬੜਤੋੜ ਹਮਲਾ ਕਰ ਦਿੰਦਾ ਹੈ। ਹਾਲਾਂਕਿ ਚੋਰ ਵਾਰ-ਵਾਰ ਮਾਫ਼ੀ ਮੰਗਦੇ ਹੋਏ ਕਹਿ ਰਹੇ ਸਨ ਕਿ 'ਛੱਡ ਦਿਓ, ਅੱਗੇ ਤੋਂ ਅਜਿਹਾ ਨਹੀਂ ਕਰਾਂਗੇ', ਪਰ ਇਲਾਕੇ ਵਿਚ ਵਧ ਰਹੀਆਂ ਸਨੈਚਿੰਗ ਦੀਆਂ ਵਾਰਦਾਤਾਂ ਤੋਂ ਗੁੱਸੇ ਵਿਚ ਆਏ ਲੋਕ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹੋਏ ਪਿੱਟਦੇ ਰਹੇ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਮੌਕੇ 'ਤੇ ਪੁਲਸ ਪ੍ਰਸ਼ਾਸਨ ਵੀ ਮੌਜੂਦ ਸੀ, ਪਰ ਜਨਤਾ ਦਾ ਰੋਸ ਇੰਨਾ ਜ਼ਿਆਦਾ ਸੀ ਕਿ ਪੁਲਸ ਦੀ ਮੌਜੂਦਗੀ ਵਿਚ ਹੀ ਉਨ੍ਹਾਂ ਦੀ ਕੁੱਟਮਾਰ ਹੁੰਦੀ ਰਹੀ। ਕਾਫ਼ੀ ਦੇਰ ਚੱਲੇ ਇਸ ਡਰਾਮੇ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਥਾਣੇ ਲੈ ਗਈ।


author

Anmol Tagra

Content Editor

Related News