ਪਾਵਰਕਾਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਟਰਾਂਸਫਰ ਕਰਨ ’ਤੇ ਮਚੀ ਹਫੜਾ-ਦਫੜੀ, ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਦਾ ਐਲਾਨ
Sunday, Feb 15, 2026 - 10:51 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਪਿੰਡ ਬਡੂੰਗਰ (ਜ਼ਿਲਾ ਪਟਿਆਲਾ) ’ਚ ਸਥਿਤ 50 ਏਕੜ ਜ਼ਮੀਨ ਦੀ ਮਾਲਕੀ ਪੁੱਡਾ ਨੂੰ ਟਰਾਂਸਫਰ ਕਰਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਖਿਲਾਫ ਬਿਜਲੀ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ’ਚ ਜਥੇਬੰਦੀਆਂ ਨੇ 16 ਅਤੇ 17 ਫਰਵਰੀ ਨੂੰ ਪੰਜਾਬ ਭਰ ’ਚ ਅਰਥੀ ਫੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਫਰੰਟ ‘ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ’, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਪੰਜਾਬ ਏਟਕ ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ’ਚ ਹੋਈ ਇਕ ਵਿਸ਼ੇਸ਼ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : CNG ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ, ਲੋਕ ਮਦਦ ਦੀ ਥਾਂ ਚੋਰੀ ਕਰ ਲੈ ਗਏ ਮੋਬਾਈਲ ਤੇ ਪਰਸ
ਆਗੂਆਂ ਨੇ ਦੱਸਿਆ ਕਿ 16 ਅਤੇ 17 ਫਰਵਰੀ ਨੂੰ ਸਮੁੱਚੇ ਪੰਜਾਬ ਦੀਆਂ ਸਬ-ਡਵੀਜ਼ਨਾਂ ਅਤੇ ਡਵੀਜ਼ਨ ਪੱਧਰ ’ਤੇ ਪਾਵਰ ਮੈਨੇਜਮੈਂਟ ਅਤੇ ਸੀ. ਐੱਮ. ਡੀ. ਦੀ ਅਰਥੀ ਫੂਕੀ ਜਾਵੇਗੀ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਮੋਹਾਲੀ ਗੈਸਟ ਹਾਊਸ ’ਚ ਹੋਈ ਬੈਠਕ ਦੌਰਾਨ ਮੈਨੇਜਮੈਂਟ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਸੀ. ਐੱਮ. ਡੀ. ਬਸੰਤ ਗਰਗ ਨੇ ਵੀ ਵਿਭਾਗ ਦੀਆਂ ਜ਼ਮੀਨਾਂ ਨਾ ਵੇਚਣ ਦਾ ਲਿਖਤੀ ਵਾਅਦਾ ਕੀਤਾ ਸੀ ਪਰ ਹੁਣ ਵਾਅਦਾ-ਖਿਲਾਫੀ ਕਰਦੇ ਹੋਏ 50 ਏਕੜ ਜ਼ਮੀਨ ਪੁੱਡਾ ਦੇ ਨਾਂ ਤਬਦੀਲ ਕਰ ਦਿੱਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਲੇ ਸੰਘਰਸ਼ ਦੀ ਰਣਨੀਤੀ 28 ਫਰਵਰੀ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਮੀਟਿੰਗ ’ਚ ਉਲੀਕੀ ਜਾਵੇਗੀ। ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਮੁਲਾਜ਼ਮ ਪੱਕਾ ਮੋਰਚਾ ਲਾਉਣਗੇ, ਜਿਸ ਨਾਲ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ 'ਤੇ 1 ਸਾਲ 'ਚ ਕਿੰਨੀ ਵਾਰ ਕਰਵਾ ਸਕਦੇ ਹਾਂ ਇਲਾਜ? ਜਾਣੋ ਕੀ ਕਹਿੰਦੇ ਹਨ ਨਿਯਮ
ਬੈਠਕ ’ਚ ਹਰਪਾਲ ਸਿੰਘ, ਗੁਰਵੇਲ ਸਿੰਘ ਬਲਪੁਰੀਆ, ਬਲਦੇਵ ਸਿੰਘ ਮੰਡਾਲੀ, ਕੁਲਵਿੰਦਰ ਸਿੰਘ ਢਿੱਲੋਂ, ਸੁਰਿੰਦਰ ਪਾਲ ਲਾਹੌਰੀਆ, ਬਲਜੀਤ ਸਿੰਘ ਮੋਦਲਾ, ਦਵਿੰਦਰ ਸਿੰਘ ਪਿਸੋਰ, ਰਵੇਲ ਸਿੰਘ ਸਹਾਏਪੁਰ, ਮਨਜੀਤ ਸਿੰਘ ਚਾਹਲ, ਹਰਮਨਦੀਪ, ਜਸਵੀਰ ਸਿੰਘ ਆਂਡਲੂ, ਕੌਰ ਸਿੰਘ ਸੋਹੀ, ਰਾਧੇਸ਼ਾਮ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਅਤੇ ਸੁਖਵਿੰਦਰ ਸਿੰਘ ਦੁਮਾਣਾ ਮੁੱਖ ਤੌਰ ’ਤੇ ਹਾਜ਼ਰ ਸਨ।
