'ਆਪ' ਸਰਕਾਰ 'ਤੇ ਵਰ੍ਹੇ ਨਾਇਬ ਸੈਣੀ, 'ਹੁਣ ਪੰਜਾਬ 'ਚ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ'

Sunday, Feb 22, 2026 - 06:30 PM (IST)

'ਆਪ' ਸਰਕਾਰ 'ਤੇ ਵਰ੍ਹੇ ਨਾਇਬ ਸੈਣੀ, 'ਹੁਣ ਪੰਜਾਬ 'ਚ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ'

ਲੁਧਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਇੱਕ ਵਿਸ਼ੇਸ਼ 'ਪੰਜਾਬ ਬਚਾਓ ਰੈਲੀ' 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਪਵਿੱਤਰ ਧਰਤੀ ਦੱਸਦਿਆਂ ਕਿਹਾ ਕਿ ਇਹ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ। ਆਪਣੇ ਸੰਬੋਧਨ ਦੌਰਾਨ ਸੈਣੀ ਨੇ ਪੰਜਾਬ ਅਤੇ ਹਰਿਆਣਾ ਦੇ ਸਬੰਧਾਂ ਨੂੰ 'ਨਹੁੰ ਅਤੇ ਮਾਸ' ਦਾ ਰਿਸ਼ਤਾ ਦੱਸਦਿਆਂ ਕਿਹਾ ਕਿ ਦੋਵਾਂ ਰਾਜਾਂ ਦੀ ਛੱਤ ਅਤੇ ਵਿਰਾਸਤ ਇੱਕੋ ਹੈ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਮੁਲਾਜ਼ਮਾਂ ਦੀ ਮੌਤ ਮਗਰੋਂ ਦੋਵੇਂ ਪਰਿਵਾਰਾਂ ਨੇ ਰੱਖਿਆ ਪੱਖ, ਕਿਹਾ- ਡਿਊਟੀ 'ਤੇ ਹੋਈ ਮੌਤ ਲਈ...

ਨਾਇਬ ਸੈਣੀ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਆਮ ਆਦਮੀ ਪਾਰਟੀ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਇੱਥੋਂ ਤੱਕ ਕਿ ਇਨ੍ਹਾਂ ਨੇ ਸਾਡੀਆਂ ਬੱਸਾਂ ਰੋਕਣ ਦਾ ਵੀ ਕੰਮ ਕੀਤਾ ਹੈ। ਨਾਇਬ ਸੈਣੀ ਨੇ ਅਰਵਿੰਦ ਕੇਜਰੀਵਾਲ ਅਤੇ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੇਜਰੀਵਾਲ ਸਾਬ੍ਹ ਤੁਹਾਨੂੰ ਤਾਂ ਦਿੱਲੀ ਦੀ ਜਨਤਾ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਅੰਦਰ  ਝੂਠੇ ਵਾਅਦੇ ਕੀਤੇ ਅਤੇ ਫਿਰ ਲੋਕਾਂ ਦੀ ਵੋਟ ਲੈਣ ਦਾ ਕੰਮ ਕੀਤਾ ਹੈ, ਜਦੋਂ ਦੱਸ ਸਾਲ ਹੋ ਗਏ ਤਾਂ ਕੇਜਰੀਵਾਲ ਨੇ ਕੁਝ ਨਹੀਂ ਕੀਤਾ ਅਤੇ ਦਿੱਲੀ ਦੀ ਜਨਤਾ ਨੇ ਹੁਣ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਇਹ ਵੀ ਪੜ੍ਹੋ-  ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ

ਉਨ੍ਹਾਂ ਕਿਹਾ ਕੇਜਰੀਵਾਲ ਆਪਣੇ ਆਪ ਨੂੰ 'ਕੱਟੜ ਇਮਾਨਦਾਰ' ਕਹਿਣ ਵਾਲਾ ਆਪਣੇ ਸਾਥੀ ਨਾਲ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲ੍ਹ ਵਿਚ ਰਹਿ ਕੇ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਤੋਂ ਵੀ ਚਾਰ ਕਦਮ ਅੱਗੇ ਨਿਕਲ ਗਈ ਹੈ। ਉਨ੍ਹਾਂ ਕਿਹਾ ਜੇਕਰ ਕੋਈ ਪਾਰਟੀ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਤਾਂ ਉਹ ਸਿਰਫ ਭਾਜਪਾ ਜਨਤਾ ਪਾਰਟੀ ਹੀ ਹੈ । ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਧੇਲਾ ਵੀ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ-ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਹਰਿਆਣਾ ਮਾਡਲ ਦੀਆਂ ਗਿਣਾਈਆਂ ਪ੍ਰਾਪਤੀਆਂ

-ਭੈਣਾਂ ਦੀ ਰਸੋਈ ਲਈ 500 ਰੁਪਏ ਵਿੱਚ ਗੈਸ ਸਿਲੰਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
- ਸਰਕਾਰੀ ਹਸਪਤਾਲਾਂ ਵਿੱਚ ਡਾਇਲਸਿਸ ਦੀ ਸਹੂਲਤ ਬਿਲਕੁਲ ਮੁਫ਼ਤ ਕਰ ਦਿੱਤੀ ਗਈ ਹੈ।
-ਹਰਿਆਣਾ ਦੇਸ਼ ਦਾ ਅਜਿਹਾ ਰਾਜ ਹੈ ਜਿੱਥੇ ਕਿਸਾਨਾਂ ਦੀ 100 ਫੀਸਦੀ ਫ਼ਸਲ ਐਮ.ਐਸ.ਪੀ. (MSP) 'ਤੇ ਖਰੀਦੀ ਜਾ ਰਹੀ ਹੈ।

ਰੈਲੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਰੈਲੀ ਦੌਰਾਨ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਬੱਸਾਂ ਰੋਕੀਆਂ ਅਤੇ ਰਸਤੇ ਵਿੱਚ ਅੜਿੱਕੇ ਡਾਹੇ। ਸੈਣੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਉਨ੍ਹਾਂ ਨੂੰ ਰਸਤੇ ਰੋਕਣ ਦੀ ਲੋੜ ਨਹੀਂ ਪੈਣੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ। ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਰਾਜੇਸ਼ ਮਿਸ਼ਰਾ, ਜੀਵਨ ਗੁਪਤਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News