ਪ੍ਰੀਖਿਆਵਾਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਕਾਰਨਾਮਾ! ਸੂਬੇ ਭਰ ਦੇ ਵਿਦਿਆਰਥੀ ਤੇ ਅਧਿਆਪਕਾਂ ਨੇ...

Thursday, Feb 26, 2026 - 10:38 AM (IST)

ਪ੍ਰੀਖਿਆਵਾਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਕਾਰਨਾਮਾ! ਸੂਬੇ ਭਰ ਦੇ ਵਿਦਿਆਰਥੀ ਤੇ ਅਧਿਆਪਕਾਂ ਨੇ...

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵਿਵਾਦਾਂ ਨਾਲ ਚੋਲੀ-ਦਾਮਨ ਦਾ ਸਾਥ ਰਿਹਾ ਹੈ ਅਤੇ ਇਕ ਵਾਰ ਫਿਰ ਬੋਰਡ ਆਪਣੀ ਕਾਰਜ ਪ੍ਰਣਾਲੀ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਬੀਤੇ ਦਿਨ ਹੋਈ ਅੱਠਵੀਂ ਕਲਾਸ ਦੀ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ-ਪੱਤਰ 'ਚ ਬੋਰਡ ਵੱਲੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸੇ ਤਰੁੱਟੀ ਕਾਰਨ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਬੋਰਡ ਤੋਂ ਵਿਦਿਆਰਥੀਆਂ ਦੇ ਲਈ ਗ੍ਰੇਸ ਮਾਰਕਸ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਚਿੰਤਾ ਭਰੀ ਖ਼ਬਰ! ਪੰਜਾਬ ਸਰਕਾਰ ਦੀਆਂ ਨਵੀਆਂ ਸਕੀਮਾਂ ਨਾਲ ਵਿਗੜਨਗੇ ਵਿੱਤੀ ਹਾਲਾਤ

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਪ੍ਰਦੀਪ ਕੁਮਾਰ ਮਲੂਕਾ, ਜਸਪਾਲ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ਫਿਰੋਜ਼ਪੁਰ, ਪਵਨ ਸ਼ਰਮਾ ਜਲੰਧਰ, ਹਰਚਰਨ ਸਿੰਘ, ਜਤਿੰਦਰ ਸਿੰਘ ਸੋਢੀ, ਰਾਕੇਸ਼ ਸੈਣੀ ਪਠਾਨਕੋਟ ਅਤੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਨੇਤਾ ਪਰਮਵੀਰ ਸਿੰਘ ਪੰਮੀ ਨੇ ਦੱਸਿਆ ਕਿ 24 ਫਰਵਰੀ ਨੂੰ 8ਵੀਂ ਕਲਾਸ ਦੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀਖਿਆ ਹੋਈ, ਨਿਯਮਾਂ ਦੇ ਮੁਤਾਬਕ ਬੋਰਡ ਪ੍ਰੀਖਿਆ 'ਚ ਸਾਰੇ ਪ੍ਰਸ਼ਨ-ਪੱਤਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਮਾਧਿਅਮ 'ਚ ਇਕੱਠੇ ਆਉਂਦੇ ਹਨ ਅਤੇ ਤਿੰਨੋ ਮਾਧਿਅਮਾਂ ਦੇ ਪ੍ਰਸ਼ਨ ਬਰਾਬਰ ਹੋਣੇ ਚਾਹੀਦੇ ਹਨ ਪਰ ਇਸ ਪ੍ਰੀਖਿਆ 'ਚ ਪੰਜਾਬੀ ਮਾਧਿਅਮ 'ਚ ਦਿੱਤੇ ਗਏ ਪ੍ਰਸ਼ਨ ਹਿੰਦੀ ਮਾਧਿਅਮ ਤੋਂ ਬਿਲਕੁਲ ਵੱਖ ਸਨ, ਜਦੋਂ ਕਿ ਪ੍ਰਸ਼ਨ-ਪੱਤਰ ਇਕ ਹੀ ਸੀ।

ਇਹ ਵੀ ਪੜ੍ਹੋ : ਰੋਪੜ ਦੀ ਅਧਿਆਪਕਾ ਲਈ 'ਚਮਤਕਾਰ'! ਸਾਲਾਂ ਦੀ ਖਾਮੋਸ਼ੀ ਮਗਰੋਂ ਸੁਣੀਆਂ ਆਵਾਜ਼ਾਂ
ਕਿਸੇ ਹੋਰ ਦੀ ਗਲਤੀ ਦਾ ਖਮਿਆਜ਼ਾ ਕਿਉਂ ਭੁਗਤਣ ਵਿਦਿਆਰਥੀ?
ਹੈਰਾਨੀ ਦੀ ਗੱਲ ਇਹ ਹੈ ਕਿ ਇਕ-ਇਕ ਨੰਬਰ ਵਾਲੇ ਪ੍ਰਸ਼ਨਾਂ 'ਚ ਪੁੱਛੀ ਗਈ ਫੁਲ ਫਾਰਮਸ ਪੰਜਾਬੀ 'ਚ ਕੁੱਝ ਹੋਰ, ਜਦੋਂ ਕਿ ਹਿੰਦੀ ਤੇ ਅੰਗਰੇਜ਼ੀ ਵਿਚ ਕੁੱਝ ਹੋਰ। ਇਸ ਤੋਂ ਇਲਾਵਾ 4-4 ਨੰਬਰ ਦੇ 3 ਪ੍ਰਸ਼ਨ ਵੀ ਮਾਧਿਅਮਾਂ ਦੇ ਆਧਾਰ ’ਤੇ ਪੂਰੀ ਤਰ੍ਹਾਂ ਵੱਖਰੇ ਸਨ, ਜਿਸ ਕਾਰਨ ਕੁੱਲ 13 ਨੰਬਰ ਦਾ ਵੱਡਾ ਫਰਕ ਸਾਹਮਣੇ ਆਇਆ ਹੈ। ਹਾਲਾਂਕਿ ਸਵਾਲ ਆਪਣੀ ਜਗ੍ਹਾ ਗਲਤ ਨਹੀਂ ਹਨ ਪਰ ਇਕ ਹੀ ਪ੍ਰਸ਼ਨ-ਪੱਤਰ 'ਚ ਮਾਧਿਅਮ ਦੇ ਆਧਾਰ ’ਤੇ ਪ੍ਰਸ਼ਨਾਂ ਦੇ ਵੱਖ ਹੋਣ ਨਾਲ ਕਿਸੇ ਵਿਦਿਆਰਥੀ ਦੇ ਲਈ ਇਹ ਪੇਪਰ ਸਰਲ ਰਿਹਾ ਤਾਂ ਕਿਸੇ ਲਈ ਬਹੁਤ ਮੁਸ਼ਕਲ। ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਹੁਣ ਇਹ ਗੰਭੀਰ ਸਵਾਲ ਉੱਠ ਰਿਹਾ ਹੈ ਕਿ ਕੀ ਬੋਰਡ ਦੇ ਕਿਸੇ ਅਧਿਕਾਰੀ ਨੇ ਇਹ ਚੈੱਕ ਕਰਨਾ ਜ਼ਰੂਰੀ ਨਹੀਂ ਸਮਝਿਆ ਕਿ ਤਿੰਨੋ ਮਾਧਿਅਮਾਂ 'ਚਪੇਪਰ ਇਕੋ ਜਿਹੇ ਹਨ ਜਾਂ ਨਹੀਂ? ਅਧਿਆਪਕਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਬੋਰਡ ਅਧਿਕਾਰੀਆਂ ਦੀ ਇਸ ਗਲਤੀ ਦਾ ਖਮਿਆਜ਼ਾ ਵਿਦਿਆਰਥੀ ਕਿਉਂ ਭੁਗਤਣ? ਇਸੇ ਕਾਰਨ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਬੋਰਡ ਤੋਂ ਗ੍ਰੇਸ ਮਾਰਕਸ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News