ਬੋਰਡ ਦੀ ਵੱਡੀ ਲਾਪ੍ਰਵਾਹੀ: ਸਾਇੰਸ ਦੇ ਪੇਪਰ ’ਚੋਂ 15 ਨੰਬਰ ਦੇ ਪ੍ਰਸ਼ਨ ਗ਼ਾਇਬ! ਵਿਦਿਆਰਥੀਆਂ ''ਚ ਮਚੀ ਹਫੜਾ-ਦਫੜੀ
Saturday, Feb 21, 2026 - 10:09 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਆਮ ਕਰ ਕੇ ਆਪਣੀ ਬਦਇੰਤਜ਼ਾਮੀ ਤੇ ਗੰਭੀਰ ਲਾਪ੍ਰਵਾਹੀਆਂ ਕਾਰਨ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ। ਤਾਜ਼ਾ ਮਾਮਲਾ 2026 ਦੀਆਂ ਬੋਰਡ ਪ੍ਰੀਖਿਆਵਾਂ ਤੋਂ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਕਥਿਤ ਸਿੱਖਿਆ ਕ੍ਰਾਂਤੀ ਦੇ ਨਾਮ ’ਤੇ ਵੱਡੇ ਵੱਡੇ ਬਦਲਾਅ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਅੱਜ ਦੇ ਇਸ ਘਟਨਾਕ੍ਰਮ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਲਈ ਗੰਭੀਰ ਨਹੀਂ ਹੈ। ਅੱਜ ਉਸ ਸਮੇਂ ਬੜੀ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ 8ਵੀਂ ਕਲਾਸ ਦੇ ਸਾਇੰਸ (ਵਿਗਿਆਨ) ਵਿਸ਼ੇ ਦੇ ਪੇਪਰ ਵਿਚ ਬੋਰਡ 15 ਨੰਬਰ ਦਾ ਹਿੱਸਾ ਛਾਪਣਾ ਹੀ ਭੁੱਲ ਗਿਆ। ਪੰਜਾਬੀ ਮਾਧਿਅਮ ਦੇ ਪ੍ਰਸ਼ਨ ਪੱਤਰ ਵਿਚ ਕੁਲ 80 ਅੰਕਾਂ ਦੀ ਬਜਾਏ ਕੇਵਲ 65 ਨੰਬਰ ਦਾ ਹੀ ਪੇਪਰ ਪ੍ਰਿੰਟ ਕੀਤਾ ਗਿਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਿਆ ਬੋਰਡ ਦੀ ਇਹ ਨਾਲਾਇਕੀ ਇੱਥੇ ਹੀ ਖਤਮ ਨਹੀਂ ਹੋਈ। ਇਕ ਨੰਬਰ ਵਾਲੇ ਬਹੁਬਦਲ ਵਾਲੇ ਪ੍ਰਸ਼ਨਾਂ (ਆਬਜੈਕਟਿਵ ਟਾਈਪ) ਵਿਚ ਵੀ ਵੱਡੀਆਂ ਗਲਤੀਆਂ ਪਾਈਆਂ ਗਈਆਂ। ਪਹਿਲੇ ਪ੍ਰਸ਼ਨ ਦੇ ਚਾਰ ਬਦਲਾਂ (ਆਪਸ਼ੰਨਸ) ਵਿਚੋਂ ਇਕ ਬਦਲ ਦੀ ਸੈਂਪਲਿੰਗ ਹੀ ਗਲਤ ਛਾਪੀ ਗਈ ਸੀ ਜਿਥੇ ‘ਛੱਟਣਾ’ ਸ਼ਬਦ ਨੂੰ ‘ਛੱਡਣਾ’ ਲਿਖ ਦਿੱਤਾ ਗਿਆ। ਇਸ ਤਕਨੀਕੀ ਉਣਤਾਈ ਕਾਰਨ ਪ੍ਰੀਖਿਆ ਕੇਂਦਰਾਂ ਵਿਚ ਮੌਜੂਦ ਵਿਦਿਆਰਥੀਆਂ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਅਤੇ ਦੁਚਿੱਤੀ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਨ ਪੱਤਰ ਅਧੂਰਾ ਹੋਣ ਕਾਰਨ ਬਹੁਤ ਸਾਰੇ ਵਿਦਿਆਰਥੀ 15 ਨੰਬਰ ਦਾ ਕੰਮ ਛੱਡ ਕੇ ਹੀ ਵਾਪਸ ਆ ਗਏ, ਕਿਉਂਕਿ ਬੋਰਡ ਨੇ ਪੇਪਰ ਛਾਪਿਆ ਹੀ ਨਹੀਂ।
ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਦੀਆਂ ਉਡਾਣਾਂ ਦਾ ਐਲਾਨ, ਨੇੜਲੇ ਇਲਾਕਿਆਂ ’ਚ ਜ਼ਮੀਨਾਂ ਦੇ ਭਾਅ ਚੜ੍ਹੇ ਚਰਮ 'ਤੇ
ਕੇਂਦਰਾਂ 'ਚ ਰਿਹਾ ਤਣਾਅ ਦਾ ਮਾਹੌਲ
ਪ੍ਰੀਖਿਆ ਕੇਂਦਰਾਂ ਵਿਚ ਤਾਇਨਾਤ ਸੁਪਰਡੈਂਟ ਅਤੇ ਸਟਾਫ ਨੂੰ ਵੀ ਇਸ ਸਥਿਤੀ ਕਾਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਪ੍ਰਸ਼ਨ ਵੱਖ ਤੋਂ ਲਿਖਵਾਉਣ ਦੇ ਚੱਕਰ ਵਿਚ ਲਗਭਗ ਅੱਧੇ ਘੰਟੇ ਤੱਕ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਬੀ.ਐੱਡ. ਅਧਿਆਪਕ ਫਰੰਟ ਦੇ ਪ੍ਰਦੇਸ਼ ਵਿੱਤ ਸੈਕਟਰੀ ਬਿਕਰਮਜੀਤ ਸਿੰਘ ਕੱਦੋਂ ਨੇ ਇਸ ’ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਬੋਰਡ ਦੀ ਇਸ ਗਲਤੀ ਦਾ ਖਮਿਆਜ਼ਾ ਬੱਚੇ ਕਿਉਂ ਭੁਗਤਣ? ਉਨ੍ਹਾਂ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਨਾਲ ਨਿਆ ਕਰਨ ਲਈ ਉਨ੍ਹਾਂ ਨੂੰ 16 ਨੰਬਰ ਦੇ ਗ੍ਰੇਸ ਮਾਰਕਸ ਦਿੱਤੇ ਜਾਣ।
ਕੀ ਜ਼ਿੰਮੇਵਾਰ ਅਧਿਕਾਰੀਆਂ ’ਤੇ ਹੋਵੇਗੀ ਕਾਰਵਾਈ?
ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਸੱਖਿਆ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੋਰਡ ਦਾ ਰਿਕਾਰਡ ਰਿਹਾ ਹੈ ਕਿ ਪਿਛਲੇ ਸਾਲ ਵੀ ਇਕ ਪ੍ਰੀਖਿਆ ਕੇਂਦਰ ਵਿਚ 100 ਪ੍ਰਸ਼ਨ ਪੱਤਰ ਭੇਜਣਾ ਭੁੱਲ ਗਿਆ ਸੀ। ਸੁਖਦਰਸ਼ਨ ਸਿੰਘ ਨੇ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਜੇਕਰ ਕੋਈ ਅਧਿਆਪਕ ਕਿਸੇ ਕਾਰਨ ਛੋਟੀ ਜਿਹੀ ਵੀ ਮਨੁੱਖੀ ਗਲਤੀ ਕਰ ਦਿੰਦਾ ਹੈ ਤਾਂ ਵਿਭਾਗ ਅਤੇ ਬੋਰਡ ਉਨ੍ਹਾਂ ‘ਤੇ ਭਾਰੀ ਜੁਰਮਾਨੇ ਠੋਕ ਦਿੰਦਾ ਹੈ ਅਤੇ ਉਨ੍ਹਾਂ ਨੂੰ ਵੱਡੀ ਸਜ਼ਾ ਦਾ ਭਾਗੀ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ ਚੱਲੇਗਾ ਕੈਸ਼!
ਹੁਣ ਸਵਾਲ ਇਹ ਹੈ ਕਿ ਬੋਰਡ ਨੇ ਉਨ੍ਹਾਂ ਲਾਪ੍ਰਵਾਹ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਤੇ ਕੀ ਕਾਰਵਾਈ ਹੋਵੇਗੀ, ਜਿਨ੍ਹਾਂ ਕਾਰਨ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਾ ਹੈ? ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਇਸ ਵੱਡੀ ਲਾਪ੍ਰਵਾਹੀ ਦੇ ਲਈ ਜਿੰਮੇਵਾਰ ਲੋਕਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਭਵਿੱਖ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
