ਪੀ. ਟੀ. ਯੂ. ਘਪਲਾ : ਭਾਜਪਾ ਹੀ ਨਹੀਂ ਕਈ ਅਕਾਲੀ ਨੇਤਾ ਵੀ ਫਸ ਸਕਦੇ ਹਨ ਕਰੋੜਾਂ ਦੇ ਲੈਣ-ਦੇਣ ''ਚ

01/10/2018 8:24:36 AM

ਜਲੰੰਧਰ  (ਰਾਕੇਸ਼ ਬਹਿਲ, ਸੋਮਨਾਥ ਕੈਂਥ) - ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਛਾਪੇਮਾਰੀ ਕਰ ਕੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਕਰੋੜਾਂ ਰੁਪਏ ਦੇ ਮਹਾ ਘਪਲੇ ਦੇ ਕੇਸ ਵਿਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ। ਸੋਮਵਾਰ ਨੂੰ ਹੀ ਵਿਜੀਲੈਂਸ ਨੇ ਡਾ. ਅਰੋੜਾ ਨੂੰ ਕਪੂਰਥਲਾ ਦੀ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ  ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਡਾ. ਅਰੋੜਾ ਤੋਂ ਪੁੱਛਗਿਛ ਦਾ ਅੱਜ ਪਹਿਲਾ ਦਿਨ ਸੀ।
ਉਂਝ ਤਾਂ ਇਸ ਮਹਾ ਘਪਲੇ ਦਾ ਰੌਲਾ 5 ਸਾਲ ਪਹਿਲਾਂ ਹੀ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਾ. ਰਜਨੀਸ਼ ਅਰੋੜਾ ਨੂੰ ਐਕਸਟੈਂਸ਼ਨ ਦੇਣ ਦੇ ਹੱਕ ਵਿਚ ਨਹੀਂ ਸਨ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਡਾ. ਅਰੋੜਾ ਐਕਸਟੈਂਸ਼ਨ ਵੀ ਲੈ ਗਏ ਅਤੇ ਮਾਮਲਾ ਵੀ ਦੱਬਦਾ ਚਲਾ ਗਿਆ।  2017 ਵਿਚ ਪੰਜਾਬ ਵਿਚ ਸੱਤਾ ਬਦਲਣ ਦੇ ਨਾਲ ਹੀ ਇਸ ਮਹਾ ਘਪਲੇ ਨੂੰ ਬੇਪਰਦਾ ਕਰਨ ਦੀ ਯੋਜਨਾ ਬਣ ਗਈ। ਅੰਦਰਖਾਤੇ ਪੜਤਾਲ ਤੋਂ ਬਾਅਦ ਮਈ 2017 ਨੂੰ ਪੀ. ਟੀ. ਯੂ. ਦੇ ਕਾਰਜਕਾਰੀ ਵਾਈਸ ਚਾਂਸਲਰ ਕੇ. ਐੱਸ. ਪੰਨੂ ਨੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਦੇ ਹੁਕਮ ਦਿੱਤੇ ਗਏ। 8 ਮਹੀਨੇ ਚੱਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਸਾਬਕਾ ਵਾਈਸ ਚਾਂਸਲਰ ਡਾ. ਅਰੋੜਾ ਸਮੇਤ 10 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।
ਟਾਈਮ ਲਾਈਨ
* ਮਈ 2017 ਨੂੰ ਪੀ. ਟੀ. ਯੂ. ਦੇ ਕਾਰਜਕਾਰੀ ਵਾਈਸ ਚਾਂਸਲਰ ਕੇ. ਐੱਸ. ਪੰਨੂ ਨੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਦੇ ਹੁਕਮ ਦਿੱਤੇ।
* ਜੁਲਾਈ ਵਿਚ ਸਾਬਕਾ ਆਈ. ਏ. ਐੱਸ. ਅਧਿਕਾਰੀ ਐੱਸ. ਐੱਸ. ਢਿੱਲੋਂ ਨੇ ਡਾ. ਅਰੋੜਾ ਵਲੋਂ ਆਪਣੇ ਕਾਰਜਕਾਲ ਵਿਚ ਕੀਤੀਆਂ ਨਿਯੁਕਤੀਆਂ ਅਤੇ ਵਿੱਤੀ ਘਪਲੇ ਸਬੰਧੀ ਰਿਪੋਰਟ ਸਬਮਿਟ ਕੀਤੀ।
* ਸਤੰਬਰ ਵਿਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਇਸ ਘਪਲੇ ਦੇ ਸਬੰਧ ਵਿਚ ਐੱਫ. ਆਈ. ਆਰ. ਕਰਵਾਉਣ ਸਬੰਧੀ ਸਿਫਾਰਸ਼ ਕੀਤੀ।
* ਦਸੰਬਰ ਮਹੀਨੇ ਵਿਚ ਮੁੱਖ ਮੰਤਰੀ ਦਫਤਰ ਵਲੋਂ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਬੀ. ਕੇ. ਉੱਪਲ ਨੂੰ ਜਾਂਚ ਲਈ ਲਿਖਿਆ ਗਿਆ।
ਕੈ. ਅਮਰਿੰਦਰ ਸਿੰਘ ਦੀ ਅਕਾਲੀ ਦਲ ਨੂੰ ਅਸਿੱਧੀ ਚਿਤਾਵਨੀ
ਪੀ. ਟੀ. ਯੂ. ਵਿਚ ਹੋਏ ਮਹਾ ਘਪਲੇ ਵਿਚ ਭਾਜਪਾ ਨੇਤਾਵਾਂ ਦੇ ਨਾਲ-ਨਾਲ ਅਕਾਲੀ ਦਲ ਦੇ ਕੁਝ ਵੱਡੇ ਨੇਤਾਵਾਂ ਦੇ ਵੀ ਫਸਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਇਸ ਮਹਾ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵੱਡਾ ਦਾਅ ਖੇਡਿਆ ਹੈ। ਇਸ ਵਿਚ ਉਸ ਦੇ ਦੋਵੇਂ ਵੱਡੇ ਵਿਰੋਧੀ ਦਲ ਨੱਪੇ ਜਾ ਸਕਦੇ ਹਨ। ਅਜੇ ਤਾਂ ਇਸ ਘਪਲੇ ਦੀ ਇਹ ਪਹਿਲੀ ਪਰਤ ਖੁੱਲ੍ਹੀ ਹੈ। ਇਸ ਮਹਾ ਘਪਲੇ ਦਾ ਖੁਲਾਸਾ ਕਰ ਕੇ ਕੈ. ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਇਹ ਅਸਿੱਧੇ ਤੌਰ 'ਤੇ ਚਿਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਨੰਬਰ ਵੀ ਲੱਗ ਸਕਦਾ ਹੈ।
ਪੀ. ਟੀ. ਯੂ. ਪ੍ਰਸ਼ਾਸਨ 'ਤੇ ਆਰ. ਐੱਸ. ਐੱਸ. ਅਤੇ ਭਾਜਪਾ ਦਾ ਕਬਜ਼ਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੀ. ਟੀ. ਯੂ ਕੋਲ 1000 ਕਰੋੜ ਰੁਪਏ ਦਾ ਫੰਡ ਸੀ। ਇਸ ਵਿਚੋਂ ਕਰੋੜਾਂ ਰੁਪਏ ਦਾ ਫੰਡ ਲੈ ਕੇ ਬਠਿੰਡਾ ਵਿਚ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਖੋਲ੍ਹੀ ਗਈ ਹੈ। ਇਹ ਫੰਡ ਉਥੋਂ ਲਈ ਦੇ ਦਿੱਤਾ ਗਿਆ ਸੀ, ਜਿਸ ਦਾ ਭਾਜਪਾ ਨੇ ਵਿਰੋਧ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਾਲਵਾ ਵਿਚ ਕੁਝ ਅਕਾਲੀ ਨੇਤਾਵਾਂ ਤੋਂ ਮਹਿੰਗੇ ਰੇਟ 'ਤੇ ਜ਼ਮੀਨਾਂ ਖਰੀਦੀਆਂ ਗਈਆਂ ਸੀ। ਇਸ ਵਿਚ ਵੀ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਇਸ ਨੂੰ ਲੈ ਕੇ ਅਕਾਲੀ ਦਲ ਦੇ ਕੁਝ ਵੱਡੇ ਨੇਤਾ ਵੀ ਫਸ ਸਕਦੇ ਹਨ।
25 ਕਰੋੜ ਤੋਂ ਜ਼ਿਆਦਾ ਦਾ ਹੈ ਘਪਲਾ : ਚੰਨੀ
ਦੱਸਿਆ ਜਾ ਰਿਹਾ ਹੈ ਕਿ ਪੀ. ਟੀ. ਯੂ. ਵਿਚ ਹੋਏ ਮਹਾ ਘਪਲੇ ਨੂੰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਾਰ-ਵਾਰ ਮੁਖ ਮੰਤਰੀ ਦੇ ਸਾਹਮਣੇ ਉਠਾਉਂਦੇ ਰਹੇ ਹਨ। ਤਕਨੀਕੀ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਇਹ ਘਪਲਾ 25 ਕਰੋੜ ਤੋਂ ਜ਼ਿਆਦਾ ਦਾ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਦੇ ਸ਼ਾਸਨ ਦੌਰਾਨ ਮਾਲਵਾ ਵਿਚ ਕਰੋੜਾਂ ਰੁਪਏ ਦੀ ਜ਼ਮੀਨ ਖਰੀਦੀ ਗਈ ਸੀ, ਜੋ ਕਿ ਬੇਕਾਰ ਪਈ ਹੈ ਅਤੇ ਹੁਣ ਕਾਂਗਰਸ ਸਰਕਾਰ ਉਸ ਜ਼ਮੀਨ ਨੂੰ ਦੁਬਾਰਾ ਵੇਚਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਪਲੇ ਵਿਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਦੇ ਦੋ ਰਿਸ਼ਤੇਦਾਰ ਵੀ ਸ਼ਾਮਲ ਹਨ। ਇਸ ਦੇ ਨਾਲ-ਨਾਲ ਆਰ. ਐੱਸ. ਐੱਸ. ਦੇ ਇਕ ਵੱਡੇ ਨੇਤਾ ਦਾ ਵੀ ਇਸ ਵਿਚ ਨਾਂ ਆ ਸਕਦਾ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਲੋਕਾਂ ਨੇ ਇਹ ਮਾਮਲਾ ਦਬਾਉਣ ਦੀ ਸਿਫਾਰਸ਼ ਕੀਤੀ ਪਰ ਉਨ੍ਹਾਂ ਨੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮਾਮਲੇ ਨੂੰ ਮੁੱਖ ਮੰਤਰੀ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਿੱਖਿਆ ਦਾ ਬੇੜਾ ਗਰਕ ਕੀਤਾ ਹੋਇਆ ਸੀ। ਨਿਯੁਕਤੀਆਂ ਦੇ ਨਾਲ-ਨਾਲ ਇਵੈਲੂਏਸ਼ਨ ਵਿਚ ਵੀ ਵੱਡੇ ਘਪਲੇ ਹੋਏ ਹਨ, ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਈ ਵੱਡੇ ਸ਼ਿਕਾਰ ਸਾਹਮਣੇ ਆਉਣ ਦੀ ਉਮੀਦ ਹੈ।
ਰਜਨੀਸ਼ ਅਰੋੜਾ ਇਕ ਈਮਾਨਦਾਰ ਵਿਅਕਤੀ : ਅਨਿਲ ਜੋਸ਼ੀ
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵਿਜੀਲੈਂਸ ਬਿਊਰੋ ਦੀ ਟੀਮ ਦੇ ਨਾਲ ਪੂਰਾ ਸਹਿਯੋਗ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਜਿਸ ਚੀਜ਼ ਦੀ ਵੀ ਜਾਂਚ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ। ਸਰਚ ਵਾਰੰਟ ਨਾ ਹੋਣ ਕਾਰਨ ਟੀਮ ਵਾਪਸ ਪਰਤ ਗਈ ਸੀ ਪਰ ਜਦੋਂ ਵਾਰੰਟ ਦੇ ਨਾਲ ਟੀਮ ਦੁਬਾਰਾ ਆਈ ਤਾਂ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਅਨਿਲ ਜੋਸ਼ੀ ਨੇ ਕਿਹਾ ਕਿ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਇਕ ਈਮਾਨਦਾਰ ਵਿਅਕਤੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਸੰਘ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਜੀਵਨ ਦਾ ਗੋਲਡਨ ਪੀਰੀਅਡ ਪਤਨੀ ਦੇ ਨਾਲ ਜੰਗਲਾਂ ਵਿਚ ਰਹਿ ਕੇ ਇਕ ਝੌਂਪੜੀ ਵਿਚ ਸੌਂ ਕੇ ਗਰੀਬਾਂ ਦੀ ਸੇਵਾ ਵਿਚ ਗੁਜ਼ਾਰਿਆ ਅਤੇ ਬੱਚਿਆਂ ਨੂੰ ਸਿੱਖਿਆ ਦਿੱਤੀ। ਸਮਾਜ ਦਾ ਮਾਫੀਆ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਨਿਰਪੱਖ ਜਾਂਚ  ਉਪਰੰਤ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।  
ਐਕਸਟੈਂਸ਼ਨ ਹਾਈਕੋਰਟ 'ਚ ਚੈਲੰਜ ਹੋਣ ਦੇ ਬਾਵਜੂਦ ਅਹੁਦੇ 'ਤੇ ਟਿਕੇ ਰਹੇ ਵਾਈਸ ਚਾਂਸਲਰ ਅਰੋੜਾ
2011 ਵਿਚ ਹਾਲਾਂਕਿ ਡਾ. ਅਰੋੜਾ ਨੂੰ ਐਕਸਟੈਂਸ਼ਨ ਨਹੀਂ ਮਿਲ ਰਹੀ ਸੀ ਪਰ ਫਿਰ ਵੀ ਉਪਰ ਤਕ ਪਹੁੰਚ ਹੋਣ ਕਾਰਨ ਐਕਸਟੈਂਸ਼ਨ ਲੈ ਕੇ ਵਾਈਸ ਚਾਂਸਲਰ ਅਰੋੜਾ ਆਪਣੇ ਅਹੁਦੇ 'ਤੇ 3 ਸਾਲ ਤੋਂ ਜ਼ਿਆਦਾ ਸਮੇਂ ਤਕ ਟਿਕੇ ਰਹੇ ਸੀ। ਇਸ ਦੌਰਾਨ ਡਾ. ਅਰੋੜਾ ਦੀ ਐਕਸਟੈਂਸ਼ਨ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਹੋ ਗਈ ਸੀ। ਹਾਈ ਕੋਰਟ ਵਿਚ ਐਕਸਟੈਂਸ਼ਨ ਚੈਲੰਜ ਹੋਣ ਦੇ ਬਾਵਜੂਦ ਡਾ. ਅਰੋੜਾ ਆਪਣੇ ਅਹੁਦੇ 'ਤੇ ਟਿਕੇ ਰਹੇ। ਹਾਲਾਂਕਿ ਹਾਈਕੋਰਟ ਵਲੋਂ ਇਕ ਅਪੀਲ ਦੀ ਸੁਣਵਾਈ ਕਰਦੇ ਹੋਏ ਯੂਨੀਵਰਸਿਟੀ ਵਿਚ ਨਿਯੁਕਤੀਆਂ ਦੌਰਾਨ ਡਾ. ਅਰੋੜਾ ਦੀ ਇਨਵਾਲਵਮੈਂਟ 'ਤੇ ਪਾਬੰਦੀ ਲਾਈ ਗਈ ਸੀ ਪਰ ਫਿਰ ਵੀ ਡਾ. ਅਰੋੜਾ ਆਪਣੇ ਅਹੁਦੇ ਦਾ ਪ੍ਰਭਾਵ ਦਿਖਾਉਂਦੇ ਰਹੇ।


Related News