ਯੂ. ਪੀ. ’ਚ ਹਾਰ ਦੀ ਸਮੀਖਿਆ ਲਈ ਭਾਜਪਾ ਨੇ ਤਾਇਨਾਤ ਕੀਤੇ ਸੀਨੀਅਰ ਨੇਤਾ, 25 ਜੂਨ ਤੱਕ ਦੇਣਗੇ ਆਪਣੀ ਰਿਪੋਰਟ

Thursday, Jun 20, 2024 - 10:36 AM (IST)

ਯੂ. ਪੀ. ’ਚ ਹਾਰ ਦੀ ਸਮੀਖਿਆ ਲਈ ਭਾਜਪਾ ਨੇ ਤਾਇਨਾਤ ਕੀਤੇ ਸੀਨੀਅਰ ਨੇਤਾ, 25 ਜੂਨ ਤੱਕ ਦੇਣਗੇ ਆਪਣੀ ਰਿਪੋਰਟ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ’ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਇਸ ਗੱਲ ’ਤੇ ਮੰਥਨ ਕਰ ਰਹੀ ਹੈ ਕਿ ਆਖਿਰ ਚੋਣਾਂ ’ਚ ਗਲਤੀ ਕਿੱਥੇ ਹੋਈ, ਜਿਸ ਕਾਰਨ 2019 ’ਚ ਉਸ ਦੀਆਂ ਸੀਟਾਂ ਦੀ ਗਿਣਤੀ 62 ਤੋਂ ਘਟ ਕੇ ਇਸ ਵਾਰ 33 ਰਹਿ ਗਈ, ਜਦਕਿ ਉਸ ਦਾ ਵੋਟ ਸ਼ੇਅਰ 49.98 ਫੀਸਦੀ ਤੋਂ ਘਟ ਕੇ 41.37 ਫੀਸਦੀ ਰਹਿ ਗਿਆ। ਪਾਰਟੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਰਾਣਸੀ ਅਤੇ ਲਖਨਊ ਨੂੰ ਛੱਡ ਕੇ ਇੰਨੇ ਸਾਰੇ ਹਲਕੇ ਕਿਉਂ ਗੁਆ ਦਿੱਤੇ। ਇਹ ਉਨ੍ਹਾਂ ਸੀਟਾਂ ’ਤੇ ਵੀ ਨਜ਼ਰ ਰੱਖੇਗੀ, ਜਿਨ੍ਹਾਂ ਨੂੰ ਉਸ ਨੇ ਅਤੇ ਉਸ ਦੇ ਸਹਿਯੋਗੀਆਂ ਨੇ ਬਰਕਰਾਰ ਰੱਖਿਆ ਪਰ ਜਿੱਥੇ ਉਨ੍ਹਾਂ ਦੀ ਜਿੱਤ ਦਾ ਫਰਕ ਘਟ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਵਾਰਾਣਸੀ ਨੂੰ ਬਰਕਰਾਰ ਰੱਖਿਆ, ਜਦਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਜਿੱਤੇ ਹਨ। ਹਾਲਾਂਕਿ ਉਸ ਦੀ ਜਿੱਤ ਦਾ ਫਰਕ ਘਟ ਗਿਆ ਹੈ।

ਇਕ ਮੀਡੀਆ ਰਿਪੋਰਟ ਅਨੁਸਾਰ ਭਾਜਪਾ ਨੇ ਸਮੀਖਿਆ ਪ੍ਰਕਿਰਿਆ ਲਈ ਸੂਬੇ ਦੇ ਸੀਨੀਅਰ ਨੇਤਾਵਾਂ ਨੂੰ ਨਿਯੁਕਤ ਕੀਤਾ ਹੈ, ਉਨ੍ਹਾਂ ਨੂੰ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਆਪਣੀ ਰਿਪੋਰਟ 25 ਜੂਨ ਤੱਕ ਸੂਬਾਈ ਲੀਡਰਸ਼ਿਪ ਨੂੰ ਸੌਂਪਣੀ ਹੈ। ਇਸ ਤੋਂ ਬਾਅਦ ਸੂਬਾਈ ਲੀਡਰਸ਼ਿਪ ਰਿਪੋਰਟ ਕੇਂਦਰੀ ਲੀਡਰਸ਼ਿਪ ਨੂੰ ਭੇਜੇਗੀ।

ਯੂ. ਪੀ. ’ਚ ਕਿਹੜੇ ਸਵਾਲਾਂ ਦੇ ਜਵਾਬ ਲੱਭ ਰਹੀ ਹੈ ਭਾਜਪਾ

ਭਾਜਪਾ ਨੇ ਯੂ. ਪੀ. ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ 16 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਪਾਰਟੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਰਟੀ ਵਰਕਰ ਜ਼ਮੀਨ ’ਤੇ ਕਿੰਨੇ ਸਰਗਰਮ ਸਨ। ਇਸ ਤੋਂ ਇਲਾਵਾ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਦੇ ਫੈਸਲਿਆਂ ਨੇ ਹਾਰ ਵਿਚ ਕਿੰਨੀ ਭੂਮਿਕਾ ਨਿਭਾਈ ਸੀ। ਰਣਨੀਤੀ ’ਚ ਅਸਫਲਤਾਵਾਂ ਨੂੰ ਲੈ ਕੇ ਵੀ ਚਰਚਾ ਹੋਵੇਗੀ। ਇਸ ਤੋਂ ਇਲਾਵਾ ਜਾਤੀ ਅਤੇ ਭਾਈਚਾਰੇ ਦੇ ਲੋਕਾਂ ’ਚ ਪਾਰਟੀ ਨੇਤਾਵਾਂ ਦੇ ਰੁਝਾਨ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਸ ’ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸੇ ਭਾਈਚਾਰੇ ਦੇ ਵੋਟਰ ਪਾਰਟੀ ਤੋਂ ਦੂਰ ਕਿਉਂ ਹੋਏ। ਹਿੰਦੂ ਵੋਟਰਾਂ ਨੂੰ ਜਾਤੀ ਦੇ ਆਧਾਰ ’ਤੇ ਵੰਡਣ ਦੇ ਕਾਰਨਾਂ ’ਤੇ ਵੀ ਚਰਚਾ ਕੀਤੀ ਜਾਵੇਗੀ।

ਪ੍ਰਚਾਰ ਸਮੱਗਰੀ ਦੀ ਵਰਤੋਂ, ਸੰਗਠਨ ਅਤੇ ਉਮੀਦਵਾਰਾਂ ਵਿਚਕਾਰ ਤਾਲਮੇਲ, ਵੱਖ-ਵੱਖ ਭਾਈਚਾਰਿਆਂ ’ਤੇ ਨੇਤਾਵਾਂ ਦੇ ਦੌਰਿਆਂ ਦੇ ਪ੍ਰਭਾਵ ਅਤੇ ਬੂਥ ਪ੍ਰਬੰਧਨ ਵਿਚ ਕਮੀਆਂ ਬਾਰੇ ਵੀ ਪਾਰਟੀ ਪਤਾ ਲਾਏਗੀ। ਭਾਜਪਾ ਵਿਧਾਨ ਸਭਾ ਹਲਕਿਆਂ ’ਚ ਵੋਟ ਸ਼ੇਅਰ ’ਚ ਗਿਰਾਵਟ ਦਾ ਵੀ ਮੁਲਾਂਕਣ ਕਰੇਗੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਵਿਰੋਧੀ ਧਿਰ ਨੂੰ ਕਿੰਨਾ ਫਾਇਦਾ ਹੋਇਆ। ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਨੇ ਕਿਹੜਾ ਬਿਰਤਾਂਤ ਸਿਰਜਿਆ ਅਤੇ ਜ਼ਮੀਨੀ ਪੱਧਰ ’ਤੇ ਵਿਰੋਧੀ ਧਿਰ ਨੇ ਕਿਵੇਂ ਕੰਮ ਕੀਤਾ, ਇਸ ਬਾਰੇ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਵੇਗੀ।

ਸੰਵਿਧਾਨ ਅਤੇ ਰਾਖਵੇਂਕਰਨ ਦੇ ਮੁੱਦੇ ’ਤੇ ਕਿਵੇਂ ਖਾਧੀ ਮਾਤ

ਰਿਪੋਰਟ ’ਚ ਕਿਹਾ ਗਿਆ ਹੈ ਕਿ ਜ਼ਮੀਨੀ ਦੌਰੇ ਦੌਰਾਨ ਭਾਜਪਾ ਨੇਤਾ ਮੰਡਲ ਇਕਾਈ ਦੇ ਨੇਤਾਵਾਂ, ਜ਼ਿਲਾ ਅਧਿਕਾਰੀਆਂ, ਚੁਣੇ ਹੋਏ ਜਨਤਕ ਨੁਮਾਇੰਦਿਆਂ ਅਤੇ ਪਾਰਟੀ ਦੇ ਉਮੀਦਵਾਰਾਂ ਕੋਲੋਂ 16 ਨੁਕਤਿਆਂ ’ਤੇ ਫੀਡਬੈਕ ਲੈਣਗੇ। ਇਸ ਤੋਂ ਇਲਾਵਾ ਭਾਜਪਾ ਨੇਤਾਵਾਂ ਅਤੇ ਵਿਰੋਧੀ ਉਮੀਦਵਾਰਾਂ ਨੇ ਕੀ ਕੀਤਾ।

ਉਨ੍ਹਾਂ ਨੇ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਕੋਲ ਕਿਹੜੇ ਸਰੋਤ ਸਨ, ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਸਮੀਖਿਆ ਪ੍ਰਕਿਰਿਆ ਨਾਲ ਜੁੜੇ ਇਕ ਭਾਜਪਾ ਨੇਤਾ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਨੂੰ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਸਥਾਪਿਤ ਕੀਤੇ ਬਿਰਤਾਂਤ ਅਤੇ ਸੰਵਿਧਾਨ ਅਤੇ ਰਾਖਵੇਂਕਰਨ ’ਤੇ ਉਨ੍ਹਾਂ ਦੀ ਮੁਹਿੰਮ ਦੇ ਪ੍ਰਭਾਵ ਬਾਰੇ ਵੀ ਪੁੱਛਣਾ ਹੋਵੇਗਾ।

ਪੇਪਰ ਲੀਕ ਅਤੇ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ

ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮੀਖਿਆ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਨੂੰ ਤਿੰਨ ਸਾਲਾਂ (2027) ’ਚ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨਾ ਹੈ। ਕਾਨੂੰਨ ਵਿਵਸਥਾ ਤਾਂ ਠੀਕ ਹੈ ਪਰ ਭਰਤੀ ਪ੍ਰੀਖਿਆਵਾਂ ’ਚ ਪੇਪਰ ਲੀਕ ਹੋਣਾ ਅਤੇ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਸਪਾ ਉਤਸ਼ਾਹਿਤ ਹੈ। ਸਾਡੀ ਰਣਨੀਤੀ ਦੀਆਂ ਖਾਮੀਆਂ ਦਾ ਫਾਇਦਾ ਉਨ੍ਹਾਂ ਨੂੰ ਮਿਲਿਆ ਅਤੇ ਇਸ ਲਈ ਸਾਨੂੰ 2027 ਦੀਆਂ ਚੋਣਾਂ ਲਈ ਪਹਿਲਾਂ ਤੋਂ ਤਿਆਰੀ ਕਰਨੀ ਪਵੇਗੀ ਅਤੇ ਉਨ੍ਹਾਂ ਵੋਟਰਾਂ ਨੂੰ ਵਾਪਸ ਲਿਆਉਣਾ ਪਵੇਗਾ ਜੋ ਭਾਜਪਾ ਤੋਂ ਦੂਰ ਚਲੇ ਗਏ ਸਨ।

ਅਯੁੱਧਿਆ ’ਚ ਹਾਰ ਦੀ ਹੋਵੇਗੀ ਸਮੀਖਿਆ

ਭਾਜਪਾ ਦੇ ਸੂਬਾ ਪ੍ਰਧਾਨ ਭੂਪਿੰਦਰ ਸਿੰਘ ਚੌਧਰੀ ਅਯੁੱਧਿਆ (ਫੈਜ਼ਾਬਾਦ ਚੋਣ ਹਲਕੇ) ਦਾ ਦੌਰਾ ਕਰਨਗੇ, ਜਿਸ ਨੂੰ ਪਾਰਟੀ ਨੇ ਰਾਮ ਮੰਦਰ ਦੇ ਉਦਘਾਟਨ ਦੇ ਕੁਝ ਮਹੀਨਿਆਂ ਅੰਦਰ ਹੀ ਗੁਆ ਦਿੱਤਾ ਸੀ। ਉਹ ਅਮੇਠੀ ਦੀ ਵੀ ਸਮੀਖਿਆ ਕਰਨਗੇ, ਜਿੱਥੋਂ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਗਾਂਧੀ ਪਰਿਵਾਰ ਦੇ ਵਫ਼ਾਦਾਰ ਕੇ. ਐੱਲ. ਸ਼ਰਮਾ ਤੋਂ ਹਾਰ ਗਈ। ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਧਰਮਪਾਲ ਸਿੰਘ ਕਾਂਗਰਸ ਦੇ ਇਕ ਹੋਰ ਗੜ੍ਹ ਰਾਏਬਰੇਲੀ ਦੀ ਸਮੀਖਿਆ ਕਰਨਗੇ, ਜਿੱਥੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਜਿੱਤੇ ਸਨ।

ਉਨ੍ਹਾਂ ਨੇ ਵਾਇਨਾਡ ਤੋਂ ਅਸਤੀਫਾ ਦੇ ਕੇ ਸੀਟ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਗੋਵਿੰਦ ਨਾਰਾਇਣ ਸ਼ੁਕਲਾ ਸਹਾਰਨਪੁਰ ਦੀ ਸਮੀਖਿਆ ਕਰਨਗੇ ਅਤੇ ਸੂਬਾ ਮੀਤ ਪ੍ਰਧਾਨ ਧਰਮਿੰਦਰ ਸਿੰਘ ਮੁਜ਼ੱਫਰਨਗਰ ਦਾ ਦੌਰਾ ਕਰਨਗੇ, ਜਿੱਥੋਂ ਸਾਬਕਾ ਕੇਂਦਰੀ ਮੰਤਰੀ ਸੰਜੀਵ ਕੁਮਾਰ ਬਾਲਿਆਨ ਹਾਰ ਗਏ। ਬਾਲਿਆਨ ਅਤੇ ਸਰਧਨਾ ਦੇ ਸਾਬਕਾ ਵਿਧਾਇਕ ਸੰਗੀਤ ਸਿੰਘ ਸੋਮ ਨੇ ਪਾਰਟੀ ਦੀ ਹਾਰ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਪਾਰਟੀ ਦੇ ਜਥੇਬੰਦਕ ਮਾਮਲਿਆਂ ਨਾਲ ਜੁੜੇ ਇਕ ਸੀਨੀਅਰ ਭਾਜਪਾ ਨੇਤਾ ਨੇ ਕਿਹਾ ਕਿ ਨਤੀਜੇ ਆਇਆਂ ਨੂੰ 15 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਯੂ. ਪੀ. ਦੇ ਨਤੀਜਿਆਂ ਬਾਰੇ ਸੂਬਾ ਸਰਕਾਰ ਅਤੇ ਆਰ. ਐੱਸ. ਐੱਸ. ਨਾਲ ਕੋਈ ਮੀਟਿੰਗ ਨਹੀਂ ਹੋਈ ਹੈ। ਪਿਛਲੇ ਹਫ਼ਤੇ ਦਿੱਲੀ ’ਚ ਇਕ ਆਮ ਚਰਚਾ ਹੋਈ ਸੀ। ਇਕ ਵਾਰ ਜਦੋਂ ਸਮੀਖਿਆ ਮੀਟਿੰਗਾਂ ਦੀਆਂ ਰਿਪੋਰਟਾਂ ਫੀਲਡ ਤੋਂ ਇਕੱਠੀਆਂ ਹੋ ਜਾਣਗੀਆਂ ਤਾਂ ਭਾਜਪਾ ਸੂਬਾ ਸਰਕਾਰ, ਕੇਂਦਰੀ ਹੈੱਡਕੁਆਰਟਰ ਦੇ ਨੇਤਾਵਾਂ ਅਤੇ ਆਰ. ਐੱਸ. ਐੱਸ. ਨਾਲ ਮੀਟਿੰਗਾਂ ਲਈ ਤਿਆਰ ਹੋ ਜਾਵੇਗੀ।


author

Tanu

Content Editor

Related News