ਈ. ਵੀ. ਐੱਮ. ਦਾ ਓ. ਟੀ. ਪੀ. ਨਾਲ ਕੋਈ ਲੈਣਾ-ਦੇਣਾ ਨਹੀਂ
Tuesday, Jun 18, 2024 - 06:34 PM (IST)
ਨਵੀਂ ਦਿੱਲੀ- ਈ. ਵੀ. ਐੱਮ. ਸਬੰਧੀ ਇਕ ਵਾਰ ਮੁੜ ਦੇਸ਼ ਦੀ ਸਿਆਸਤ ਵਿਚ ਰੌਲਾ ਪੈਣਾ ਸ਼ੁਰੂ ਹੋ ਗਿਆ ਹੈ। ਮੁੰਬਈ ਦੀ ਇਕ ਘਟਨਾ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਤੋਂ ਲੈ ਕੇ ਅਖਿਲੇਸ਼ ਯਾਦਵ ਨੇ ਗੰਭੀਰ ਸਵਾਲ ਉਠਾ ਦਿੱਤੇ ਹਨ। ਹੁਣ ਚੋਣ ਕਮਿਸ਼ਨ ਪ੍ਰੈੱਸ ਕਾਨਫਰੰਸ ਕਰ ਕੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੀ ਹੈ।
ਚੋਣ ਕਮਿਸ਼ਨ ਨੇ ਦੋ-ਟੁਕ ਕਿਹਾ ਹੈ ਕਿ ਈ. ਵੀ. ਐੱਮ. ਦਾ ਫੋਨ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਇਸ ਸਬੰਧੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਫਰਜ਼ੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ।
ਚੋਣ ਕਮਿਸ਼ਨ ਦੀ ਰਿਟਰਨਿੰਗ ਅਫਸਰ ਵੰਦਨਾ ਸੂਰੀਆਵੰਸ਼ੀ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਅੱਜ ਈ. ਵੀ. ਐੱਮ. ਨੂੰ ਅਨਲੌਕ ਕਰਨ ਲਈ ਕੋਈ ਵਨ ਟਾਈਮ ਪਾਸਵਰਡ (ਓ. ਟੀ. ਪੀ.) ਨਹੀਂ ਲੱਗਦਾ। ਉਂਝ ਤਾਂ ਈ. ਵੀ. ਐੱਮ. ਸਬੰਧੀ ਵਿਵਾਦ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਪਰ ਇਸ ਵਾਰ ਇਕ ਅਜਿਹਾ ਮਾਮਲਾ ਸਾਹਮਣੇ ਆ ਗਿਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ।
ਅਸਲ ’ਚ ਸ਼ਿੰਦੇ ਧੜ੍ਹੇ ਦੇ ਉਮੀਦਵਾਰ ਰਵਿੰਦਰ ਵਾਇਕਰ ਦੇ ਰਿਸ਼ਤੇਦਾਰ ’ਤੇ ਅਜਿਹਾ ਦੋਸ਼ ਲੱਗਾ ਸੀ ਕਿ ਉਸ ਨੇ ਚੋਣਾਂ ਵੇਲੇ ਈ. ਵੀ. ਐੱਮ. ਨੂੰ ਆਪਣੇ ਫੋਨ ਰਾਹੀਂ ਅਨਲੌਕ ਕਰ ਦਿੱਤਾ ਸੀ।
ਇੱਥੋਂ ਤਕ ਕਿਹਾ ਗਿਆ ਸੀ ਕਿ ਗੋਰੇਗਾਂਵ ਪੋਲਿੰਗ ਬੂਥ ਦੇ ਅੰਦਰ ਪਾਬੰਦੀ ਹੋਣ ਦੇ ਬਾਵਜੂਦ ਮੋਬਾਈਲ ਫੋਨ ਦੀ ਵਰਤੋਂ ਕੀਤੀ ਗਈ। ਇਨ੍ਹਾਂ ਦੋਸ਼ਾਂ ਕਾਰਨ ਹੀ ਰਵਿੰਦਰ ਦੇ ਰਿਸ਼ਤੇਦਾਰ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਹੁਣ ਉਸ ਵਿਵਾਦ ’ਤੇ ਵਿਰੋਧੀ ਧਿਰ ਈ. ਵੀ. ਐੱਮ. ਦੀ ਭਰੋਸੇਯੋਗਤਾ ’ਤੇ ਹੀ ਸਵਾਲ ਉਠਾ ਰਹੀ ਹੈ।
ਦੂਜੇ ਪਾਸੇ ‘ਐਕਸ’ ਦੇ ਮੁਖੀ ਐਲਨ ਮਸਕ ਨੇ ਵੀ ਈ. ਵੀ. ਐੱਮ. ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਸ ਕਾਰਨ ਵੀ ਭਾਰਤ ਵਿਚ ਇਸ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।