ਦੇਸ਼ ’ਚ 55 ਸਾਲਾਂ ਬਾਅਦ ਤੀਜੀ ਵਾਰ ਇਕ ਹੀ ਸੂਬੇ ਤੋਂ ਹੋ ਸਕਦੇ ਹਨ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ!

06/10/2024 10:35:59 AM

ਨੈਸ਼ਨਲ ਡੈਸਕ- ਐੱਨ. ਡੀ. ਏ. ਦੀ ਸਰਬਸੰਮਤੀ ਨਾਲ ਵਾਰਾਣਸੀ ਤੋਂ ਸੰਸਦ ਮੈਂਬਰ ਨਰਿੰਦਰ ਮੋਦੀ ਜਿੱਥੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ, ਉੱਥੇ ਹੀ ਕਾਂਗਰਸ ’ਚ ਮਤਾ ਪਾਸ ਕਰ ਕੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਅਹੁਦਾ ਸੰਭਾਲਣ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ’ਚ ਇਹ ਤੀਜਾ ਮੌਕਾ ਹੋਵੇਗਾ ਕਿ ਪ੍ਰਧਾਨ ਮੰਤਰੀ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਇਕੋ ਹੀ ਸੂਬਾ, ਉੱਤਰ ਪ੍ਰਦੇਸ਼ ਤੋਂ ਹੋਣਗੇ। ਇਕ ਰਿਪੋਰਟ ਮੁਤਾਬਕ ਸਾਲ 1952 ਤੋਂ ਬਾਅਦ ਹੁਣ ਤੱਕ ਦੋ ਵਾਰ ਅਜਿਹਾ ਹੋਇਆ ਹੈ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਇਕੋ ਹੀ ਸੂਬੇ ਤੋਂ ਹੋਣ। 1969 ਤੱਕ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਅਧਿਕਾਰਤ ਦਰਜਾ ਨਹੀਂ ਦਿੱਤਾ ਜਾਂਦਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਰਾਹੁਲ ਰਾਏਬਰੇਲੀ ਦੀ ਜਗ੍ਹਾ ਕੇਰਲ ਦੀ ਵਾਇਨਾਡ ਸੀਟ ਛੱਡ ਦਿੰਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਸ਼ਾਇਦ ਕੇਰਲ ਤੋਂ ਵਾਇਨਾਡ ਸੀਟ ਛੱਡ ਦੇਣਗੇ।

ਵੀ. ਪੀ. ਸਿੰਘ ਸਰਕਾਰ ’ਚ ਪਹਿਲੀ ਵਾਰ ਯੂ. ਪੀ. ਤੋਂ ਸੀ ਸੱਤਾ ਧਿਰ ਅਤੇ ਵਿਰੋਧੀ ਧਿਰ

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 1989 ’ਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਦੇਸ਼ ਦੇ ਪੀ. ਐੱਮ. ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਇਕ ਹੀ ਸੂਬੇ ਤੋਂ ਸਨ। ਜਦੋਂ 1989 ਦੀਆਂ ਚੋਣਾਂ ’ਚ ਵਿਸ਼ਵਨਾਥ ਪ੍ਰਤਾਪ ਸਿੰਘ (ਵੀ. ਪੀ. ਸਿੰਘ) ਨੇ ਦੇਸ਼ ਦੇ ਸੱਤਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਉਸ ਸਰਕਾਰ ’ਚ ਵੀ. ਪੀ. ਸਿੰਘ ਦੀ ਅਗਵਾਈ ਵਾਲੇ ਜਨਤਾ ਦਲ ਨੂੰ ਭਾਜਪਾ ਅਤੇ ਸੀ. ਪੀ. ਆਈ. (ਐੱਮ) ਨੇ ਬਾਹਰੋਂ ਸਮਰਥਨ ਦਿੱਤਾ ਸੀ। ਹਾਲਾਂਕਿ ਕਾਂਗਰਸ ਉਸ ਸਮੇਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਅਤੇ ਉਸ ਨੂੰ 197 ਸੀਟਾਂ ਮਿਲੀਆਂ ਸਨ ਪਰ ਉਸ ਸਮੇਂ ਦੇ ਕਾਂਗਰਸ ਨੇਤਾ ਰਾਜੀਵ ਗਾਂਧੀ ਨੇ ਵਿਰੋਧੀ ਧਿਰ ’ਚ ਬਣੇ ਰਹਿਣ ਦਾ ਫੈਸਲਾ ਕੀਤਾ ਸੀ। ਇੰਨਾ ਹੀ ਨਹੀਂ ਉਹ ਖੁਦ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਰਹੇ। ਰਾਜੀਵ ਗਾਂਧੀ 18 ਦਸੰਬਰ, 1989 ਤੋਂ 23 ਦਸੰਬਰ 1990 ਤੱਕ ਵਿਰੋਧੀ ਧਿਰ ਦੇ ਨੇਤਾ ਰਹੇ। ਇਕ ਪਾਸੇ ਜਿਥੇ ਵੀ. ਪੀ. ਸਿੰਘ ਯੂ. ਪੀ. ਦੇ ਫਤਿਹਪੁਰ ਤੋਂ ਸੰਸਦ ਮੈਂਬਰ ਸਨ, ਤਾਂ ਰਾਜੀਵ ਗਾਂਧੀ ਅਮੇਠੀ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ।

ਵਾਜਪਾਈ ਸਰਕਾਰ ’ਚ ਸੋਨੀਆ ਗਾਂਧੀ ਸੀ ਵਿਰੋਧੀ ਧਿਰ ਦੀ ਨੇਤਾ

ਇਸ ਤੋਂ ਬਾਅਦ ਸਾਲ 1999 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੀ ਸਰਕਾਰ ਆਈ, ਉਦੋਂ ਯੂ. ਪੀ. ਦੇ ਲਖਨਊ ਤੋਂ ਸੰਸਦ ਮੈਂਬਰ ਚੁਣੇ ਗਏ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਦੂਜੇ ਪਾਸੇ ਅਮੇਠੀ ਤੋਂ ਚੋਣ ਲੜ ਕੇ ਸੰਸਦ ਪਹੁੰਚੀ ਸੋਨੀਆ ਗਾਂਧੀ ਨੇ ਵਿਰੋਧੀ ਧਿਰ ਦੀ ਨੇਤਾ ਵਜੋਂ ਅਹੁਦਾ ਸੰਭਾਲ ਲਿਆ ਸੀ। ਸੋਨੀਆ ਗਾਂਧੀ ਨੇ 31 ਅਕਤੂਬਰ 1999 ਤੋਂ 6 ਫਰਵਰੀ 2004 ਤੱਕ ਵਿਰੋਧੀ ਧਿਰ ਦੀ ਨੇਤਾ ਵਜੋਂ ਚਾਰਜ ਸੰਭਾਲਿਆ। ਉਨ੍ਹਾਂ ਨੇ ਲਗਾਤਾਰ ਪੰਜ ਸਾਲ ਲੋਕ ਸਭਾ ’ਚ ਕਾਂਗਰਸ ਦੀ ਅਗਵਾਈ ਕੀਤੀ।

ਰਾਹੁਲ ਗਾਂਧੀ ’ਤੇ ਨਿਰਭਰ ਕਰਦਾ ਹੈ ਫੈਸਲਾ

ਕਾਂਗਰਸ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਬੇਨਤੀ ਕੀਤੀ ਹੈ। ਸੰਸਦੀ ਦਲ ਦਾ ਨੇਤਾ ਲੋਕ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਹੋਵੇਗਾ। ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਹਨ। ਕਾਂਗਰਸ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਲਈ ਮਤਾ ਪਾਸ ਕੀਤਾ ਹੈ ਕਿਉਂਕਿ ਰਾਹੁਲ ਵਾਇਨਾਡ ਅਤੇ ਰਾਏਬਰੇਲੀ ਦੋਵਾਂ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਅਜਿਹੇ ’ਚ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ ਕਿ ਉਹ ਕਿਥੋਂ ਸੰਸਦ ਮੈਂਬਰ ਬਣਨ ਦਾ ਅੰਤਿਮ ਫੈਸਲਾ ਕਰਨਗੇ। ਹਾਲਾਂਕਿ ਮਾਹਿਰਾਂ ਦਾ ਦਾਅਵਾ ਹੈ ਕਿ ਯੂ. ਪੀ. ’ਚ ਕਾਂਗਰਸ ਦੇ ਪ੍ਰਦਰਸ਼ਨ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਮਾਂ ਸੋਨੀਆ ਗਾਂਧੀ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਲਈ ਉਹ ਰਾਏਬਰੇਲੀ ਤੋਂ ਸੰਸਦ ਮੈਂਬਰ ਰਹਿਣਗੇ। ਜੇਕਰ ਰਾਹੁਲ ਰਾਏਬਰੇਲੀ ਤੋਂ ਸੰਸਦ ਮੈਂਬਰ ਰਹਿੰਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲ ਲੈਂਦੇ ਹਨ ਤਾਂ ਇਹ ਤੀਜੀ ਵਾਰ ਹੋਵੇਗਾ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦਾ ਸੰਸਦੀ ਹਲਕਾ ’ਚ ਇਕ ਹੀ ਸੂਬੇ ’ਚ ਹੋਵੇਗਾ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ’ਤੇ ਕਿਹਾ ਹੈ ਕਿ ਉਹ ਇਸ ’ਤੇ ਵਿਚਾਰ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News