ਪੰਜਾਬ ’ਚ ‘ਗੱਠਜੋੜ’ ਤੋਂ ਬਿਨਾਂ ‘ਅਕਾਲੀ ਦਲ ਤੇ ਭਾਜਪਾ ਦੇ ਦੋਵੇਂ ਹੱਥ ਖਾਲੀ!, ਬਾਦਲਾਂ ਨੇ ‘ਗੜ੍ਹ’ ਹੀ ਬਚਾਇਆ

06/05/2024 6:52:45 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ-ਹੁੰਦਾ ਕਿਸਾਨਾਂ ਦੇ ਧਰਨੇ ਕਾਰਨ ਵਿਚ-ਵਿਚਾਲੇ ਸਿਰੇ ਨਹੀਂ ਚੜ੍ਹ ਸਕਿਆ, ਜਿਸ ਕਰ ਕੇ ਦੋਵਾਂ ਪਾਰਟੀਆਂ ਦੇ ਵਰਕਰਾਂ ਦੀਆਂ ਜੋ ਉਮੀਦਾਂ ਸਨ ਕਿ ਗੱਠਜੋੜ ਹੋਣ ’ਤੇ ਚੰਗੇ ਨਤੀਜੇ ਆਉਣਗੇ ਪਰ ਉਸ ’ਤੇ ਪਾਣੀ ਫਿਰ ਗਿਆ, ਜਿਸ ਕਾਰਨ ਦੋਵਾਂ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਦੀ ਮਜ਼ਬੂਰੀ ਬਣ ਗਈ ਕਿ ਇਕੱਲਿਆਂ-ਇਕੱਲਿਆਂ ਚੋਣ ਲੜੀ ਜਾਵੇ, ਜਿਸ ਕਾਰਨ ਪੰਜਾਬ ’ਚ 13 ਥਾਵਾਂ ’ਤੇ ਅਕਾਲੀ ਦਲ ਅਤੇ ਭਾਜਪਾ ਨੇ ਉਮੀਦਵਾਰ ਖੜ੍ਹੇ ਕੀਤੇ ਪਰ ਜੋ ਨਤੀਜੇ ਸਾਹਮਣੇ ਆਏ ਹਨ, ਉਸ ’ਚ ਇਹ ਗੱਲ ਸਾਫ਼ ਹੋ ਗਈ ਕਿ ਗੱਠਜੋੜ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਇਕ ਸੀਟ ਬਠਿੰਡਾ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਸੁਪੜਾ ਸਾਫ਼ ਹੋ ਗਿਆ ਅਤੇ ਜਿਨ੍ਹਾਂ ਹਲਕਿਆਂ ’ਚ ਵੋਟਾਂ ਪਈਆਂ ਹਨ, ਉਨ੍ਹਾਂ ’ਚੋਂ ਵੀ ਕਈ ਹਲਕੇ ਲੱਖਾਂ ਦੀ ਗਿਣਤੀ ਮਸਾਂ ਹੀ ਪਾਰ ਕਰਦੇ ਦੇਖੇ ਗਏ ਹਨ, ਜਦੋਂਕਿ ਪੰਜਾਬ ’ਚ ਭਾਜਪਾ ਭਾਵੇਂ ਗੱਠਜੋੜ ਤੋਂ ਬਿਨਾਂ ਇਕ ਵੀ ਸੀਟ ਨਹੀਂ ਜਿੱਤ ਸਕੀ। ਉਥੇ ਹੀ ਦੂਜੇ ਨੰਬਰ ਅਤੇ ਜਿੱਤ-ਹਾਰ ਦੇ ਮੁਕਾਬਲੇ ’ਚ ਕਾਂਗਰਸ ਅਤੇ ‘ਆਪ’ ਨਾਲ ਪੂਰੀ ਤਰ੍ਹਾਂ ਖਹਿ ਕੇ ਲੜੀ ਪਰ ਵੋਟ ਫੀਸਦੀ ਤਾਂ ਅਕਾਲੀ ਦਲ ਨਾਲੋਂ ਵੱਧ ਲੈ ਗਈ ਪਰ ਸੀਟ ਲੈਣ ’ਚ ਭਾਜਪਾ ਦਾ ਹੱਥ ਖਾਲੀ ਹੀ ਰਿਹਾ।

ਇਹ ਖ਼ਬਰ ਵੀ ਪੜ੍ਹੋ :  ਕਾਂਗਰਸ ਵੱਲੋਂ ਸੂਬਾ ਪ੍ਰਧਾਨ ਵੜਿੰਗ ਤੇ ਸਾਬਕਾ ਉੱਪ-ਮੁੱਖ ਮੰਤਰੀ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਨਾ ਰਿਹਾ ਫਾਇਦੇਮੰਦ

ਹੁਣ ਦੇਖਦੇ ਹਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਇਸੇ ਤਰ੍ਹਾਂ ਮੈਦਾਨ ’ਚ ਖੜ੍ਹੀ ਰਹਿੰਦੀ ਹੈ ਜਾਂ ਫਿਰ ਅਕਾਲੀ ਦਲ ’ਤੇ ਦਬਾਅ ਬਣਾ ਕੇ 50 ਸੀਟਾਂ ਲੈ ਕੇ ਮੁੜ ਗੱਠਜੋੜ ਵੱਲ ਵਧੇਗੀ, ਇਹ ਅਜੇ ਸਮੇਂ ਦੇ ਗਰਭ ’ਚ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਅੰਕੜਿਆਂ ਅਨੁਸਾਰ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ਦੇ ਲਗਭਗ ਰਿਹਾ ਹੈ। ਹਾਲਾਂਕਿ ਕਾਂਗਰਸ ਨੇ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਪਰ ਉਸ ਦਾ ਵੋਟ ਸ਼ੇਅਰ 30 ਫ਼ੀਸਦੀ ਤੋਂ ਘੱਟ ਹੋ ਕੇ 26.30 ਫ਼ੀਸਦੀ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ’ਚ ਵੀ ਕਮੀ ਦਰਜ ਕੀਤੀ ਗਈ ਹੈ। ਉਸ ਦਾ ਵੋਟ ਸ਼ੇਅਰ 26.02 ਫ਼ੀਸਦੀ ਰਿਹਾ। ਵੋਟ ਸ਼ੇਅਰ ਦੇ ਹਿਸਾਬ ਨਾਲ ਕਾਂਗਰਸ ਪਹਿਲੇ ਸਥਾਨ ’ਤੇ ਅਤੇ ਆਮ ਆਦਮੀ ਪਾਰਟੀ ਦੂਜੇ ਸਥਾਨ ’ਤੇ ਰਹੀ। ਸੂਬੇ ’ਚ ਭਾਜਪਾ ਆਪਣੇ ਵੋਟ ਸ਼ੇਅਰ ਨੂੰ ਸਾਢੇ 12 ਫ਼ੀਸਦੀ ਤੋਂ ਵਧਾ ਕੇ 18.56 ਫ਼ੀਸਦੀ ਕਰਨ ’ਚ ਕਾਮਯਾਬ ਰਹੀ ਹਾਲਾਂਕਿ ਉਸ ਨੂੰ 1ਵੀ ਸੀਟ ’ਤੇ ਜਿੱਤ ਹਾਸਲ ਨਹੀਂ ਹੋਈ। ਵੋਟ ਸ਼ੇਅਰ ਦੇ ਹਿਸਾਬ ਨਾਲ ਭਾਜਪਾ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਸ਼ੇਅਰ ’ਚ ਭਾਰੀ ਗਿਰਾਵਟ ਆਈ ਹੈ। ਪਹਿਲਾਂ ਅਕਾਲੀ ਦਲ ਦੀ ਵੋਟ ਸ਼ੇਅਰ 25 ਫ਼ੀਸਦੀ ਤੋਂ ਵੱਧ ਹੁੰਦੀ ਸੀ ਜਦਕਿ ਇਸ ਵਾਰ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅਕਾਲੀ ਦਲ ਦੀ ਵੋਟ ਸ਼ੇਅਰ 13.42 ਫ਼ੀਸਦੀ ਰਹੀ।

ਇਹ ਖ਼ਬਰ ਵੀ ਪੜ੍ਹੋ : 26.3 ਫ਼ੀਸਦੀ ਵੋਟਾਂ ਨਾਲ ਪੰਜਾਬ ’ਚ ਕਾਂਗਰਸ ਨੇ ਜਿੱਤੀਆਂ ਸਭ ਤੋਂ ਵੱਧ 7 ਲੋਕ ਸਭਾ ਸੀਟਾਂ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News